DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੁਖਬੀਰ ਵੱਲੋਂ ਡੇਰਾ ਪ੍ਰੇਮੀਆਂ ਦੀਆਂ ਵੋਟਾਂ ਮੰਗਣ ਕਰ ਕੇ ਅਕਾਲੀ ਦਲ ਛੱਡਿਆ: ਖੱਟੜਾ

ਗੁਰਨਾਮ ਸਿੰਘ ਅਕੀਦਾ ਪਟਿਆਲਾ, 5 ਅਗਸਤ ਬੇਅਦਬੀ ਮਾਮਲੇ ਵਿੱਚ ਵਿਸ਼ੇਸ਼ ਜਾਂਚ ਟੀਮ ਦੇ ਸਾਬਕਾ ਪੁਲੀਸ ਮੁਖੀ ਰਣਬੀਰ ਸਿੰਘ ਖੱਟੜਾ ਨੇ ਸੁਖਬੀਰ ਸਿੰਘ ਬਾਦਲ ਸਣੇ ਕਈ ਅਕਾਲੀ ਆਗੂਆਂ ਨੂੰ ਨਿਸ਼ਾਨੇ ’ਤੇ ਲਿਆ ਹੈ। ਉਨ੍ਹਾਂ ਕਿਹਾ, ‘‘ਸੁਖਬੀਰ ਸਿੰਘ ਬਾਦਲ ਨੇ ਡੇਰਾ ਸੱਚਾ...
  • fb
  • twitter
  • whatsapp
  • whatsapp
Advertisement

ਗੁਰਨਾਮ ਸਿੰਘ ਅਕੀਦਾ

ਪਟਿਆਲਾ, 5 ਅਗਸਤ

Advertisement

ਬੇਅਦਬੀ ਮਾਮਲੇ ਵਿੱਚ ਵਿਸ਼ੇਸ਼ ਜਾਂਚ ਟੀਮ ਦੇ ਸਾਬਕਾ ਪੁਲੀਸ ਮੁਖੀ ਰਣਬੀਰ ਸਿੰਘ ਖੱਟੜਾ ਨੇ ਸੁਖਬੀਰ ਸਿੰਘ ਬਾਦਲ ਸਣੇ ਕਈ ਅਕਾਲੀ ਆਗੂਆਂ ਨੂੰ ਨਿਸ਼ਾਨੇ ’ਤੇ ਲਿਆ ਹੈ। ਉਨ੍ਹਾਂ ਕਿਹਾ, ‘‘ਸੁਖਬੀਰ ਸਿੰਘ ਬਾਦਲ ਨੇ ਡੇਰਾ ਸੱਚਾ ਸੌਦਾ ਸਿਰਸਾ ਦੀਆਂ ਵੋਟਾਂ ਲੈਣ ਲਈ ਗੁਰੂ ਗ੍ਰੰਥ ਸਾਹਿਬ ਦੀ ਆਸਥਾ ਨੂੰ ਛਿੱਕੇ ਟੰਗਿਆ ਸੀ, ਅਸੀਂ ਪ੍ਰੇਮੀਆਂ ਦੀਆਂ ਵੋਟਾਂ ਲੈਣ ਲਈ ਤਿਆਰ ਨਹੀਂ ਸੀ, ਜਿਸ ਕਾਰਨ ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਵਾਪਸ ਕੀਤੀ ਤੇ ਪਾਰਟੀ ਛੱਡ ਦਿੱਤੀ।’’ ਸ੍ਰੀ ਖੱਟੜਾ ਇੱਥੇ ਵਿਸ਼ੇਸ਼ ਤੌਰ ’ਤੇ ਗੱਲਬਾਤ ਕਰ ਰਹੇ ਸਨ। ਉਨ੍ਹਾਂ ਸਪੱਸ਼ਟ ਕਿਹਾ ਕਿ ਬੁਰਜ ਜਵਾਹਰ ਸਿੰਘ ਵਾਲਾ ਜਾਂ ਫਿਰ ਬਰਗਾੜੀ ਵਿੱਚ ਬੇਅਦਬੀ ਬਾਰੇ ਤੱਥ ਗੁਰਦੇਵ ਪ੍ਰੇਮੀ ਦੇ ਸਕਦਾ ਸੀ ਪਰ ਉਹ ਮਾਰ ਦਿੱਤਾ ਗਿਆ, ਜਿਸ ਤੋਂ ਬਾਅਦ ਡੇਰਾ ਪ੍ਰੇਮੀਆਂ ਬਾਰੇ ਪੱਕੇ ਸਬੂਤ ਮਿਲਣੇ ਮੁਸ਼ਕਲ ਹੋ ਗਏ। ਸੁਖਬੀਰ ਬਾਦਲ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਿਹਾ ਸੀ, ‘‘ਜੇ ਸਾਡੀ ਸਰਕਾਰ ਬਣੀ ਤਾਂ ਉਹ ਬੇਅਦਬੀ ਦੀ ਜਾਂਚ ਦੁਬਾਰਾ ਕਰਾਉਣਗੇ। ਖੱਟੜਾ ਨੇ ਕਿਹਾ ਕਿ ਪ੍ਰਦੀਪ ਕਲੇਰ ਦੇ ਬਿਆਨਾਂ ਤੋਂ ਸੁਖਬੀਰ ਸਣੇ ਸਾਰੇ ਹੀ ਮੰਨ ਗਏ ਸਨ ਕਿ ਡੇਰਾ ਪ੍ਰੇਮੀ ਹੀ ਬੇਅਦਬੀ ਦੇ ਦੋਸ਼ੀ ਹਨ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ, ‘‘ਅਕਾਲ ਤਖ਼ਤ ਸਾਹਿਬ ਕੋਲ ਅਸੀਂ ਪੱਖ ਰੱਖ ਆਏ ਹਾਂ, ਉਸ ਤੋਂ ਇਲਾਵਾ ਹੁਣ ਸਾਡਾ ਬਾਹਰ ਕਿਤੇ ਵੀ ਕੁਝ ਵੀ ਕਹਿਣਾ ਸਹੀ ਨਹੀਂ ਹੈ। ਅਸੀਂ ਰਣਬੀਰ ਖੱਟੜਾ ਵੱਲੋਂ ਲਗਾਏ ਦੋਸ਼ਾਂ ਬਾਰੇ ਹੁਣ ਕੁਝ ਨਹੀਂ ਕਹਿਣਾ ਚਾਹੁੰਦੇ।’’

ਖੱਟੜਾ ਦੇ ਹੱਥ ਸਿੱਖ ਨੌਜਵਾਨਾਂ ਦੇ ਖੂਨ ਨਾਲ ਰੰਗੇ: ਵਲਟੋਹਾ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਨੇ ਦੋਸ਼ ਲਾਉਂਦਿਆਂ ਕਿਹਾ, ‘‘ਸਾਬਕਾ ਐੱਸਐੱਸਪੀ ਰਣਬੀਰ ਸਿੰਘ ਖੱਟੜਾ ਦੇ ਹੱਥ ਸਿੱਖ ਨੌਜਵਾਨਾਂ ਦੇ ਖੂਨ ਨਾਲ ਰੰਗੇ ਹਨ ਅਤੇ ਅਕਾਲੀ ਦਲ ’ਤੇ ਹਮਲਾ ਕਰਨ ਲਈ ਹੁਣ ਪ੍ਰਦੀਪ ਕਲੇਰ ਤੋਂ ਬਾਅਦ ‘ਆਪ’ ਸਰਕਾਰ ਨੇ ਰਣਬੀਰ ਸਿੰਘ ਖੱਟੜਾ ਦੀ ਡਿਊਟੀ ਲਗਾਈ ਹੈ। ਰਣਬੀਰ ਸਿੰਘ ਖੱਟੜਾ ਜਦੋਂ ਬਟਾਲਾ, ਮਜੀਠਾ ਤੇ ਤਰਨ ਤਾਰਨ ਆਦਿ ਸਰਹੱਦੀ ਜ਼ਿਲ੍ਹਿਆਂ ਵਿੱਚ ਬਤੌਰ ਐੱਸਐੱਸਪੀ ਤਾਇਨਾਤ ਸਨ ਤਾਂ ਉਸ ਵੇਲੇ ਉਨ੍ਹਾਂ ਨਾ ਸਿਰਫ ਸਿੱਖ ਨੌਜਵਾਨਾਂ ’ਤੇ ਅੰਨ੍ਹਾ ਤਸ਼ੱਦਦ ਢਾਹਿਆ ਤੇ ਅਣਗਿਣਤ ਝੂਠੇ ਪੁਲੀਸ ਮੁਕਾਬਲੇ ਕੀਤੇ ਬਲਕਿ ਸਿੱਖ ਧੀਆਂ-ਭੈਣਾਂ ਨੂੰ ਬੇਪੱਤ ਕਰਨ ਦਾ ਕੰਮ ਵੀ ਕੀਤਾ।’’

Advertisement
×