ਨਾਭਾ ਆਏ ਸੁਖਬੀਰ ਪਰ ਮਜੀਠੀਆ ਨੂੰ ਨਾ ਮਿਲੇ
ਮੋਹਿਤ ਸਿੰਗਲਾ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਨਾਭਾ ਵਿੱਚ ਇੱਕ ਅਕਾਲੀ ਆਗੂ ਦੇ ਘਰ ਪਹੁੰਚੇ ਪਰ ਨਾਭਾ ਜੇਲ੍ਹ ਵਿੱਚ ਬੰਦ ਬਿਕਰਮ ਸਿੰਘ ਮਜੀਠੀਆ ਨੂੰ ਮਿਲੇ ਬਿਨਾਂ ਹੀ ਵਾਪਸ ਚਲੇ ਗਏ। ਸੁਖਬੀਰ ਅਕਾਲੀ ਆਗੂ ਲਖਵੀਰ ਸਿੰਘ ਦੇ ਭਰਾ ਦੇ ਦੇਹਾਂਤ ’ਤੇ ਅਫਸੋਸ ਲਈ ਇੱਥੋਂ ਦੇ ਪਿੰਡ ਲੌਟ ਆਏ ਸਨ। ਇਸ ਮਗਰੋਂ ਉਹ ਨਾਭਾ ਜੇਲ੍ਹ ਜਾਣ ਦੀ ਬਜਾਏ ਵਾਪਸ ਚਲੇ ਗਏ। ਇਸ ਮੌਕੇ ਸੁਖਬੀਰ ਬਾਦਲ ਨੇ ਮੀਡੀਆ ਨਾਲ ਵੀ ਬਹੁਤੀ ਗੱਲਬਾਤ ਨਾ ਕੀਤੀ। ਕਾਫੀ ਜਲਦਬਾਜ਼ੀ ਵਿੱਚ ਹੀ ਬੇਅਦਬੀਆਂ ਬਾਬਤ ਬਣਾਏ ਜਾ ਰਹੇ ਕਾਨੂੰਨ ਸਬੰਧੀ ਛੋਟਾ ਜਿਹਾ ਬਿਆਨ ਦੇ ਕੇ ਮੀਡੀਆ ਦੇ ਹੋਰ ਸਵਾਲਾਂ ਦੇ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਬੇਅਦਬੀਆਂ ਦੇ ਦੋਸ਼ੀਆਂ ਨੂੰ ਫੜਨ ਦੀ ਬਜਾਏ ਹਰ ਕਿਸੇ ਨੇ ਇਸ ਮੁੱਦੇ ’ਤੇ ਸਿਆਸਤ ਕੀਤੀ ਹੈ। ਜ਼ਿਕਰਯੋਗ ਹੈ ਕਿ ਸੁਖਬੀਰ ਬਾਦਲ ਦੇ ਕਰੀਬੀ ਰਿਸ਼ਤੇਦਾਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਆਮਦਨ ਨਾਲੋਂ ਵੱਧ ਜਾਇਦਾਦ ਦੇ ਦੋਸ਼ਾਂ ਹੇਠ ਨਾਭਾ ਜੇਲ੍ਹ ਵਿੱਚ ਨਿਆਂਇਕ ਹਿਰਾਸਤ ਵਿੱਚ ਬੰਦ ਹਨ।
ਪਿਛਲੇ 9 ਦਿਨਾਂ ਤੋਂ ਜੇਲ੍ਹ ਵਿੱਚ ਬੰਦ ਮਜੀਠੀਆ ਨੂੰ ਅਜੇ ਤੱਕ ਉਨ੍ਹਾਂ ਦੀ ਵਿਧਾਇਕ ਪਤਨੀ ਗਨੀਵ ਮਜੀਠੀਆ ਤੋਂ ਇਲਾਵਾ ਕੋਈ ਅਕਾਲੀ ਆਗੂ ਮਿਲਣ ਨਹੀਂ ਪਹੁੰਚਿਆ। ਅੱਜ ਸੁਖਬੀਰ ਬਾਦਲ ਦੇ ਇਸ ਤਰ੍ਹਾਂ ਮੁੜਨ ਨਾਲ ਇਲਾਕੇ ਵਿੱਚ ਚਰਚਾਵਾਂ ਦਾ ਦੌਰ ਚੱਲ ਪਿਆ ਹੈ। ਹਾਲਾਂਕਿ ਪਾਰਟੀ ਦੇ ਨਾਭਾ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਨੇ ਦੱਸਿਆ ਕਿ ਸ੍ਰੀ ਬਾਦਲ ਦਾ ਅੱਜ ਜੇਲ੍ਹ ਜਾਣ ਦਾ ਪ੍ਰੋਗਰਾਮ ਹੀ ਨਹੀਂ ਸੀ ਤੇ ਉਨ੍ਹਾਂ ਨੇ ਅੱਗੇ ਬਨਭੌਰਾ ਵਿੱਚ ਕਿਸੇ ਕੋਲ ਅਫਸੋਸ ਕਰਨ ਜਾਣਾ ਸੀ। ਉਧਰ, ਜੇਲ੍ਹ ਅਧਿਕਾਰੀ ਨੇ ਦੱਸਿਆ ਕਿ ਸੁਖਬੀਰ ਵੱਲੋਂ ਮਜੀਠੀਆ ਨੂੰ ਮਿਲਣ ਲਈ ਸਾਨੂੰ ਕੋਈ ਅਰਜ਼ੀ ਨਹੀਂ ਮਿਲੀ।