ਸੁਖਬੀਰ ਬਾਦਲ ਵੱਲੋਂ ਮਜੀਠੀਆ ਨਾਲ ਮੁਲਾਕਾਤ
ਗ੍ਰਿਫ਼ਤਾਰੀ ਤੋਂ ਬਾਅਦ ਪਹਿਲੀ ਵਾਰ ਨਾਭਾ ਜੇਲ੍ਹ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ
ਮੋਹਿਤ ਸਿੰਗਲਾ
ਡੇਰਾ ਬਿਆਸ ਮੁਖੀ ਵੱਲੋਂ ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਤੋਂ ਬਾਅਦ ਤੀਜੇ ਦਿਨ ਹੀ ਸੁਖਬੀਰ ਸਿੰਘ ਬਾਦਲ ਅੱਜ ਨਾਭਾ ਜੇਲ੍ਹ ਪਹੁੰਚੇ। ਉਨ੍ਹਾਂ ਨਾਲ ਹਰਸਿਮਰਤ ਕੌਰ ਬਾਦਲ ਅਤੇ ਗਨੀਵ ਕੌਰ ਮਜੀਠੀਆ ਵੀ ਸਨ। ਲਗਪਗ 20 ਮਿੰਟ ਹੋਈ ਇਸ ਮੁਲਾਕਾਤ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕੱਲ੍ਹ ਅਰਜ਼ੀ ਦਿੱਤੀ ਸੀ। ਆਮਦਨ ਨਾਲੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਮਜੀਠੀਆ ਨੂੰ ਗ੍ਰਿਫ਼ਤਾਰ ਹੋਏ ਤਿੰਨ ਮਹੀਨੇ ਹੋ ਚੁੱਕੇ ਹਨ। ਤਿੰਨ ਮਹੀਨਿਆਂ ਵਿੱਚ ਇਹ ਸੁਖਬੀਰ ਬਾਦਲ ਦੀ ਮਜੀਠੀਆ ਨਾਲ ਪਹਿਲੀ ਮੁਲਾਕਾਤ ਹੈ। ਗ੍ਰਿਫ਼ਤਾਰੀ ਤੋਂ ਪਹਿਲਾਂ ਬਿਕਰਮ ਮਜੀਠੀਆ ਨੇ ਜਥੇਦਾਰਾਂ ਨੂੰ ਹਟਾਉਣ ਦੀ ਜਨਤਕ ਆਲੋਚਨਾ ਵੀ ਕੀਤੀ ਸੀ। ਇਸ ਤੋਂ ਬਾਅਦ ਸੁਖਬੀਰ ਬਾਦਲ ਵੱਲੋਂ ਮਜੀਠੀਆ ਨੂੰ ਮਿਲਣ ਨਾ ਆਉਣ ਕਰਕੇ ਅਕਾਲੀ ਦਲ ਦੇ ਦੋਵੇਂ ਆਗੂਆਂ ਵਿਚਾਲੇ ਦੂਰੀ ਦੇ ਕਿਆਸ ਲਗਾਏ ਜਾ ਰਹੇ ਸਨ। ਹਰਸਿਮਰਤ ਬਾਦਲ ਨੇ ਵੀ ਇਸ ਤੋਂ ਪਹਿਲਾਂ ਸਿਰਫ਼ ਰੱਖੜੀ ਵਾਲੇ ਦਿਨ ਹੀ ਮੁਲਾਕਾਤ ਕੀਤੀ ਸੀ।
ਮਜੀਠੀਆ ਨਾਲ ਮੁਲਾਕਾਤ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਮਜੀਠੀਆ ਨਾਲ ਮੁਲਾਕਾਤ ਦਾ ਸਮਾਂ ਦੇ ਨਹੀਂ ਰਹੀ ਸੀ। ਇਸ ਦੌਰਾਨ ਉਨ੍ਹਾਂ ਐੱਸ ਐੱਸ ਪੀ ਪਟਿਆਲਾ ਵਰੁਣ ਸ਼ਰਮਾ ’ਤੇ ‘ਆਪ’ ਲਈ ਕਾਨੂੰਨ ਦੇ ਦਾਇਰੇ ’ਚੋਂ ਬਾਹਰ ਜਾ ਕੇ ਕੰਮ ਕਰਨ ਦੇ ਦੋਸ਼ ਲਗਾਏ। ਮਜੀਠੀਆ ਖ਼ਿਲਾਫ਼ ਐੱਨ.ਡੀ.ਪੀ.ਐੱਸ ਕੇਸ ’ਤੇ ਬਣੀ ‘ਸਿਟ’ ਦੇ ਮੁਖੀ ਐੱਸਐੱਸਪੀ ਹਨ। ਦੂਜੇ ਪਾਸੇ ਜੇਲ੍ਹ ਸੁਪਰਡੈਂਟ ਇੰਦਰਜੀਤ ਸਿੰਘ ਕਾਹਲੋਂ ਨੇ ਸਪੱਸ਼ਟ ਕਿਹਾ ਕਿ ਇਹ ਸੁਖਬੀਰ ਬਾਦਲ ਵੱਲੋਂ ਮਿਲਣ ਲਈ ਪਹਿਲੀ ਅਰਜ਼ੀ ਸੀ ਜਿਸ ਮੁਤਾਬਕ ਅੱਜ ਉਨ੍ਹਾਂ ਦੀ 20 ਮਿੰਟ ਦੇ ਕਰੀਬ ਮੁਲਾਕਾਤ ਕਰਵਾਈ ਗਈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਉਨ੍ਹਾਂ ਦੀ ਕੋਈ ਅਰਜ਼ੀ ਰੱਦ ਨਹੀਂ ਕੀਤੀ ਗਈ। ਸੁਖਬੀਰ ਬਾਦਲ ਨਾਲ ਸੀਨੀਅਰ ਅਕਾਲੀ ਆਗੂ ਐੱਨ ਕੇ ਸ਼ਰਮਾ, ਸਿਕੰਦਰ ਸਿੰਘ ਮਲੂਕਾ, ਬਲਵਿੰਦਰ ਸਿੰਘ ਭੂੰਦੜ ਵੀ ਮੌਜੂਦ ਸਨ। ਹਾਲਾਂਕਿ ਉਹ ਮੁਲਾਕਾਤ ਲਈ ਜੇਲ੍ਹ ਅੰਦਰ ਨਾ ਜਾ ਸਕੇ।
ਆਮ ਕੈਦੀਆਂ ਵਾਂਗ ਮੁਲਾਕਾਤ ਕਾਰਨ ਖ਼ਫ਼ਾ ਹੋਏ ਸੁਖਬੀਰ
ਸੁਖਬੀਰ ਬਾਦਲ, ਸੰਸਦ ਮੈਂਬਰ ਹਰਸਿਮਰਤ ਬਾਦਲ ਤੇ ਵਿਧਾਇਕ ਗਨੀਵ ਕੌਰ ਮਜੀਠੀਆ ਦੀ ਬਿਕਰਮ ਮਜੀਠੀਆ ਨਾਲ ਮੁਲਾਕਾਤ ਆਮ ਕੈਦੀਆਂ ਦੀ ਤਰ੍ਹਾਂ ਸਲਾਖਾਂ ਵਿੱਚ ਹੀ ਕਰਵਾਈ ਗਈ ਜਿੱਥੇ ਉਹ ਇੱਕ ਦੂਜੇ ਦਾ ਸਿਰਫ਼ ਚਿਹਰਾ ਦੇਖ ਸਕਦੇ ਸਨ ਤੇ ਆਵਾਜ਼ ਸੁਣ ਸਕਦੇ ਹਨ। ਹਾਲਾਂਕਿ ਡੇਰਾ ਬਿਆਸ ਮੁਖੀ ਨਾਲ ਮੀਟਿੰਗ ਆਹਮੋ-ਸਾਹਮਣੇ ਬਿਠਾਕੇ ਕਰਵਾਈ ਗਈ ਸੀ। ਸੁਖਬੀਰ ਬਾਦਲ ਇਸ ਗੱਲ ਤੋਂ ਖਫ਼ਾ ਸਨ ਤੇ ਉਨ੍ਹਾਂ ਨੇ ਜੇਲ੍ਹ ਅਧਿਕਾਰੀਆਂ ਅੱਗੇ ‘ਆਪ’ ਸਰਕਾਰ ਤੇ ਐੱਸ ਐੱਸ ਪੀ ਪਟਿਆਲਾ ਖ਼ਿਲਾਫ਼ ਗੁੱਸਾ ਕੱਢਿਆ।