ਸੁਖਬੀਰ ਬਾਦਲ ਵੱਲੋਂ ਟਕਸਾਲੀ ਅਕਾਲੀ ਪਰਿਵਾਰਾਂ ਨੂੰ ਘਰ ਵਾਪਸੀ ਦਾ ਸੱਦਾ
ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ ਦੇ ਦੇਹਾਂਤ ’ਤੇ ਪਰਿਵਾਰ ਨਾਲ ਦੁੱਖ ਵੰਡਾਇਆ
ਸਰਬਜੀਤ ਸਿੰਘ ਭੰਗੂ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਆਪਣੀ ਟੀਮ ਸਮੇਤ ਪਿੰਡ ਟੌਹੜਾ ਵਿੱਚ ਟੌਹੜਾ ਪਰਿਵਾਰ ਨਾਲ ਮੁਲਾਕਾਤ ਕਰ ਕੇ ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ ਦੇ ਦੇਹਾਂਤ ’ਤੇ ਦੁੱਖ ਪ੍ਰਗਟ ਕੀਤਾ। ਇਸ ਦੌਰਾਨ ਸੁਖਬੀਰ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਪੰਥਕ ਸੋਚ ਵਾਲੀ ਪੁਰਾਣੀ ਅਤੇ ਅਸੂਲਾਂ ਵਾਲੀ ਪਾਰਟੀ ਕਰਾਰ ਦਿੰਦਿਆਂ ਟੌਹੜਾ ਪਰਿਵਾਰ ਸਮੇਤ ਸਮੂਹ ਟਕਸਾਲੀ ਅਕਾਲੀ ਪਰਿਵਾਰਾਂ ਨੂੰ ਘਰ ਵਾਪਸੀ ਦਾ ਸੱਦਾ ਦਿੱਤਾ। ਉਨ੍ਹਾਂ ਦਾ ਕਹਿਣਾ ਸੀ ਕਿ ਗੰਭੀਰ ਸੰਕਟ ਨਾਲ ਜੂਝ ਰਹੇ ਪੰਜਾਬ ਅਤੇ ਪੰਜਾਬੀਆਂ ਦੀ ਸੇਵਾ ਸਮੁੱਚੀ ਪੰਥਕ ਸੋਚ, ਵਿਚਾਰਧਾਰਾ ਅਤੇ ਪੰਥਕ ਸ਼ਕਤੀ ਨਾਲ ਯਕੀਨੀ ਬਣਾਉਣੀ ਚਾਹੀਦੀ ਹੈ।
ਹਰਮੇਲ ਟੌਹੜਾ ਦੀ ਪਤਨੀ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਕੁਲਦੀਪ ਕੌਰ ਟੌਹੜਾ ਅਤੇ ਦੋਵਾਂ ਪੁੱਤਰਾਂ ਹਰਿੰਦਰਪਾਲ ਟੌਹੜਾ ਤੇ ਕੰਵਰਵੀਰ ਟੌਹੜਾ ਸਮੇਤ ਹੋਰ ਮੈਂਬਰਾਂ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਕਿਹਾ ਕਿ ਹਰਮੇਲ ਸਿੰਘ ਦੇ ਤੁਰ ਜਾਣ ਨਾਲ ਨਾ ਸਿਰਫ਼ ਪਰਿਵਾਰ, ਬਲਕਿ ਪੰਜਾਬ ਅਤੇ ਪੰਥ ਨੂੰ ਵੀ ਵੱਡਾ ਘਾਟਾ ਪਿਆ ਹੈ, ਜੋ ਕਿ ਕਦੇ ਪੂਰਾ ਨਹੀਂ ਹੋਵੇਗਾ। ਇਸ ਮੌਕੇ ਜਿੱਥੇ ਸੁਖਬੀਰ ਬਾਦਲ ਨੇ ਟੌਹੜਾ ਦੀ ਧੀ ਨੂੰ ਆਦਰ ਮਾਣ ਦਿੱਤਾ, ਉਥੇ ਹੀ ਹਰਿੰਦਰਪਾਲ ਟੌਹੜਾ ਤੇ ਕੰਵਰਵੀਰ ਟੌਹੜਾ ਦੇ ਮੋਢਿਆਂ ’ਤੇ ਹੱਥ ਰੱਖ ਕੇ ਉਨ੍ਹਾਂ ਨੂੰ ਵੀ ਆਪਣੇ ਨਾਨਾ ਦੀ ਸੋਚ ਅਨੁਸਾਰ ਪੰਥ ਦੀ ਸੇਵਾ ਕਰਨ ਦੀ ਅਪੀਲ ਕੀਤੀ। ਜ਼ਿਕਰਯੋਗ ਹੈ ਕੰਵਰਵੀਰ ਟੌਹੜਾ ਇਸ ਵੇਲੇ ਭਾਜਪਾ ’ਚ ਹਨ, ਜੋ ਅਮਲੋਹ ਤੋਂ ਵਿਧਾਨ ਸਭਾ ਚੋਣ ਲੜਨ ਸਮੇਤ ਭਾਜਪਾ ਯੂਥ ਵਿੰਗ ਦੇ ਸੂਬਾਈ ਪ੍ਰਧਾਨ ਵੀ ਰਹਿ ਚੁੱਕੇ ਹਨ। ਜਦਕਿ ਦੂਜੇ ਦੋਵੇਂ ਮਾਂ-ਪੁੱਤ ਗਿਆਨੀ ਹਰਪ੍ਰ੍ਰੀਤ ਸਿੰਘ ਦੀ ਅਧੀਨਗੀ ਵਾਲੇ ਅਕਾਲੀ ਧੜੇ ’ਚ ਸਰਗਰਮ ਹਨ। ਇਸ ਮੌਕੇ ਉਨ੍ਹਾਂ ਨੇ ਟੌਹੜਾ ਪਰਿਵਾਰ ਦੀ ਕੁੜਮਣੀ ਅਤੇ ਆਪਣੀ ਨਜ਼ਦੀਕੀ ਰਿਸ਼ਤੇਦਾਰ ਸਾਬਕਾ ਵਿਧਾਇਕਾ ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰਾ ਦਾ ਹਾਲ ਚਾਲ ਵੀ ਜਾਣਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ, ਸਾਬਕਾ ਮੰਤਰੀ ਬਲਵਿੰਦਰ ਭੂੰਦੜ, ਮਹੇਸ਼ਇੰਦਰ ਗਰੇਵਾਲ, ਸਿਕੰਦਰ ਮਲੂਕਾ, ਐੱਨ.ਕੇ ਸ਼ਰਮਾ, ਸਾਬਕਾ ਵਿਧਾਇਕਾ ਹਰਪ੍ਰੀਤ ਕੌਰ ਮੁਖਮੈਲਪੁਰ ਸਮੇਤ ਸੁਰਜੀਤ ਗੜ੍ਹੀ, ਰਾਜੂ ਖੰਨਾ, ਕਬੀਰ ਦਾਸ, ਗੁਰਪ੍ਰੀਤ ਭੱਟੀ, ਮੱਖਣ ਲਾਲਕਾ, ਪ੍ਰਿੰਸੀਪਲ ਭਰਭੂਰ ਲੌਟ, ਲਖਵੀਰ ਲੌਟ, ਸਖਦੇਵ ਪੰਡਤਾਂ, ਸਨੀ ਟੌਹੜਾ ਤੇ ਸਰਪੰਚ ਸੁਖਜਿੰਦਰ ਟੌਹੜਾ ਮੌਜੂਦ ਸਨ। ਸੁਖਬੀਰ ਬਾਦਲ ਦੀ ਮੌਜੂਦਗੀ ’ਚ ਹੀ ਭਾਜਪਾ ਨੇਤਾ ਫਤਿਹਜੰਗ ਬਾਜਵਾ ਤੇ ਹਰਵਿੰਦਰ ਹਰਪਾਲਪੁਰ ਨੇ ਵੀ ਪਰਿਵਾਰ ਨਾਲ ਮੁਲਾਕਾਤ ਕੀਤੀ। ਉਹ ਸਾਰੇ ਇਕੋ ਕਮਰੇ ’ਚ ਸਨ। ਇਸ ਤੋਂ ਪਹਿਲਾਂ ਪ੍ਰੇਮ ਸਿੰਘ ਚੰਦੂਮਾਜਰਾ, ਕਰਨੈਲ ਪੰਜੋਲੀ, ਜਸਮੇਰ ਲਾਛੜੂ, ਰਣਧੀਰ ਸਮੂਰਾਂ ਸਮੇਤ ਕਈ ਹੋਰ ਵੀ ਪਿੰਡ ਆ ਕੇ ਪਰਿਵਾਰ ਨੂੰ ਮਿਲੇ। ਉਧਰ ਹਰਿੰਦਰਪਾਲ ਟੌਹੜਾ ਤੇ ਕੰਵਰਵੀਰ ਟੌਹੜਾ ਨੇ ਦੱਸਿਆ ਸ਼ਰਧਾਂਜਲੀ ਸਮਾਗਮ 28 ਸਤੰਬਰ ਨੂੰ ਅਨਾਜ ਮੰਡੀ ਟੌਹੜਾ ਵਿੱਚ ਹੋਵੇਗਾ।