ਸੁਖਬੀਰ ਬਾਦਲ ਨੇ ਪੰਜਾਬ ਸਰਕਾਰ ਨੂੰ ਘੇਰਿਆ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 24 ਜੂਨ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਸਰਕਾਰ ’ਤੇ ਪੰਜਾਬ ਵਿਕਾਸ ਕਮਿਸ਼ਨ (ਪੀਡੀਸੀ) ਵਿੱਚ 22 ਬਾਹਰਲੇ ਵਿਅਕਤੀਆਂ ਦੀ ਸਿੱਧੀ ਭਰਤੀ ਕਰਨ ਦੇ ਦੋਸ਼ ਲਾਏ ਹਨ। ਸੁਖਬੀਰ ਬਾਦਲ ਨੇ ਕਿਹਾ ਕਿ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਈਸਟ ਇੰਡੀਆ ਕੰਪਨੀ ਵਾਂਗ ਪੰਜਾਬ ਨੂੰ ਚਲਾਉਣਾ ਚਾਹੁੰਦੇ ਹਨ। ਸ੍ਰੀ ਬਾਦਲ ਨੇ ਕਿਹਾ ਕਿ ਨਾ ਸਿਰਫ ‘ਆਪ’ ਹਾਈ ਕਮਾਂਡ ਇਸ ਗੈਰ-ਕਾਨੂੰਨੀ ਤੇ ਗੈਰ ਸੰਵਿਧਾਨਕ ਪੰਜਾਬ ਵਿਕਾਸ ਕਮਿਸ਼ਨਰ (ਪੀਡੀਸੀ) ਦੇ ਗਠਨ ਰਾਹੀਂ ਸਾਰੀ ਵਾਗਡੋਰ ਆਪਣੇ ਹੱਥ ਵਿਚ ਲੈਣ ਲਈ ਯਤਨਸ਼ੀਲ ਹੈ, ਬਲਕਿ ਇਹ 3.30 ਲੱਖ ਰੁਪਏ ਪ੍ਰਤੀ ਮਹੀਨਾ ਸਲਾਹਕਾਰਾਂ ਤੇ 2.65 ਲੱਖ ਰੁਪਏ ਪ੍ਰਤੀ ਮਹੀਨਾ ਡਿਜੀਟਲ ਤੇ ਕਮਿਊਨਿਕੇਸ਼ਨ ਅਫ਼ਸਰਾਂ ਨੂੰ ਤਨਖ਼ਾਹਾਂ ਦੇ ਕੇ ਪੰਜਾਬ ਦੇ ਖ਼ਜ਼ਾਨੇ ਦੀ ਲੁੱਟ ਕਰ ਰਹੀ ਹੈ। ਇਸ ’ਚ ਖੇਤੀਬਾੜੀ, ਨੌਕਰੀਆਂ ਤੇ ਅਰਥਚਾਰਾ, ਸਿੱਖਿਆ ਤੇ ਮੁਹਾਰਤ, ਸਿਹਤ ਤੇ ਸਮਾਜ ਭਲਾਈ, ਬਿਜਲੀ, ਬੁਨਿਆਦੀ ਢਾਂਚਾ, ਸੱਭਿਆਚਾਰ ਤੇ ਸੈਰ ਸਪਾਟਾ, ਸੂਬੇ ਦਾ ਵਿੱਤੀ ਪ੍ਰਬੰਧੀ, ਪ੍ਰਸ਼ਾਸਨ ਅਤੇ ਨਿਗਰਾਨੀ ਤੇ ਸਿਖਲਾਈ ਆਦਿ ਵਿਭਾਗ ਸ਼ਾਮਲ ਹਨ। ਸੁਖਬੀਰ ਬਾਦਲ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਇਹ ਹੈ ਕਿ ਭਰਤੀ ਦੇ ਇਸ ਨੋਟੀਫਿਕੇਸ਼ਨ ’ਚ ਪੰਜਾਬੀ ਭਾਸ਼ਾ ਦਾ ਗਿਆਨ ਹੋਣਾ ਜਾਂ ਪੰਜਾਬੀਆਂ ਨੂੰ ਤਰਜੀਹ ਵਰਗੀ ਮੱਦ ਸ਼ਾਮਲ ਨਹੀਂ ਹੈ ਜਿਸ ਤੋਂ ‘ਆਪ’ ਹਾਈਕਮਾਂਡ ਦੇ ਨਜ਼ਦੀਕੀਆਂ ਦੀ ਭਰਤੀ ਦਾ ਰਾਹ ਪੱਧਰਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਤੋਂ ਪਹਿਲਾਂ ਉਸ ਦੀ ਸ਼ਕਤੀਆਂ ਖੋਹ ਕੇ ਮੁੱਖ ਸਕੱਤਰ ਨੂੰ ਦੇ ਦਿੱਤੀਆਂ। ਇਹ ਢੁੱਕਵਾਂ ਸਮਾਂ ਹੈ ਜਦੋਂ ਭਗਵੰਤ ਮਾਨ ਨੂੰ ਅਸਤੀਫ਼ਾ ਦੇ ਦੇਣਾ ਚਾਹੀਦੈ ਜਾਂ ਫਿਰ ਉਹ ਮੁਜ਼ਾਹਰਿਆਂ ਦਾ ਸਾਹਮਣਾ ਕਰਨ ਵਾਸਤੇ ਤਿਆਰ ਰਹਿਣ।