ਬੈਂਕ ਦੇ ਪਖਾਨੇ ’ਚ ਗੋਲੀ ਮਾਰ ਕੇ ਖ਼ੁਦਕੁਸ਼ੀ
(ਕਰਮਜੀਤ ਸਿੰਘ ਚਿੱਲਾ): ਮੁਹਾਲੀ ਦੇ ਸੈਕਟਰ 68 ਦੀ ਐੱਚ ਡੀ ਐੱਫ਼ ਸੀ ਬੈਂਕ ਦੀ ਫ਼ਾਇਨਾਂਸ ਬਰਾਂਚ ਦੇ ਪਖਾਨੇ ਵਿਚ ਅੱਜ ਬਾਅਦ ਦੁਪਹਿਰ ਪੌਣੇ ਕੁ ਤਿੰਨ ਵਜੇ ਇੱਕ ਵਿਅਕਤੀ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਮੁਹਾਲੀ ਦੇ ਸੈਕਟਰ 80 ਦੇ ਵਸਨੀਕ 45 ਸਾਲਾ ਰਾਜਦੀਪ ਸਿੰਘ ਵਜੋਂ ਹੋਈ ਹੈ। ਮ੍ਰਿਤਕ ਇਮੀਗ੍ਰੇਸ਼ਨ ਦਾ ਕੰਮ ਕਰਦਾ ਸੀ। ਉਸ ਦਾ ਪਿਛੋਕੜ ਮੋਗਾ ਨਾਲ ਸਬੰਧਤ ਸੀ। ਡੀ ਐੱਸ ਪੀ ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਬੈਂਕ ਦੀ ਫ਼ਾਇਨਾਂਸ ਬਰਾਂਚ ਦੂਜੀ ਮੰਜ਼ਿਲ ’ਤੇ ਹੈ। ਸਬੰਧਿਤ ਵਿਅਕਤੀ ਸਬੰਧਿਤ ਸ਼ਾਖਾ ਵਿਚ ਆਇਆ ਤੇ ਕੁੱਝ ਸਮੇਂ ਮਗਰੋਂ ਪਖਾਨੇ ਵਿੱਚ ਚਲਿਆ ਗਿਆ। ਕੁੱਝ ਸਮੇਂ ਮਗਰੋਂ ਅੰਦਰੋਂ ਗੋਲੀ ਦੀ ਆਵਾਜ਼ ਆਈ ਤਾਂ ਦੇਖਿਆ ਕਿ ਮ੍ਰਿਤਕ ਨੇ ਆਪਣੇ ਮੱਥੇ ਵਿੱਚ ਗੋਲੀ ਮਾਰ ਲਈ ਸੀ। ਡੀ ਐੱਸ ਪੀ ਨੇ ਦੱਸਿਆ ਕਿ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਇਮੀਗ੍ਰੇਸ਼ਨ ਦਾ ਕੰਮ ਕਰਦਾ ਸੀ ਅਤੇ ਉਸ ਦਾ ਗਿਆਰ੍ਹਾਂ ਫੇਜ਼ ਵਿੱਚ ਦਫ਼ਤਰ ਸੀ। ਥਾਣਾ ਫੇਜ਼ ਅੱਠ ਦੇ ਐੱਸ ਐੱਚ ਓ ਸਤਨਾਮ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਕਬਜ਼ੇ ਵਿਚ ਲੈ ਲਈ ਹੈ ਅਤੇ ਸਰਕਾਰੀ ਹਸਪਤਾਲ ਫੇਜ਼ ਛੇ ਦੀ ਮੋਰਚਰੀ ਵਿਚ ਭੇਜ ਦਿੱਤੀ ਹੈ। ਖੁਦਕਸ਼ੀ ਦੇ ਕਾਰਨਾਂ ਬਾਰੇ ਹਾਲੇ ਪਤਾ ਨਹੀਂ ਚੱਲ ਸਕਿਆ। ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।