ਗਿੱਦੜਬਾਹਾ ’ਚ ਕਾਨੂੰਨਗੋ ਵੱਲੋਂ ਗੋਲੀ ਮਾਰ ਕੇ ਖ਼ੁਦਕੁਸ਼ੀ
ਗਿੱਦੜਬਾਹਾ (ਪੱਤਰ ਪ੍ਰੇਰਕ): ਸ਼ਹਿਰ ਦੀ ਮਿੱਡ ਵੇਅ ਕਾਲੋਨੀ ਨੰਬਰ 2 ਦੇ ਰਹਿਣ ਵਾਲੇੇ ਕਾਨੂੰਨਗੋ ਨੇ ਅੱਜ ਸਵੇੇਰੇ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਪੁਲੀਸ ਨੂੰ ਇਸ ਸਬੰਧੀ ਖ਼ੁਦਕੁਸ਼ੀ ਨੋਟ ਵੀ ਮਿਲਿਆ ਹੈ, ਜਿਸ ’ਚ ਕੋਟਕਪੂਰਾ ਦੇ ਤਿੰਨ ਲੋਕਾਂ ’ਤੇ ਪੈਸਿਆਂ ਨੂੰ ਲੈ ਕੇ ਉਸ ਨੂੰ ਵਾਰ-ਵਾਰ ਤੰਗ ਕਰਨ ਦਾ ਦੋਸ਼ ਲਾਇਆ ਗਿਆ ਹੈ। ਮ੍ਰਿਤਕ ਦੀ ਪਛਾਣ ਜਸਵਿੰਦਰ ਸਿੰਘ (35) ਵਜੋਂ ਹੋਈ ਹੈ। ਥਾਣਾ ਸਦਰ ਨੇ ਜਸਵਿੰਦਰ ਸਿੰਘ ਦੀ ਪਤਨੀ ਦੇ ਬਿਆਨਾਂ ’ਤੇ ਕੋਟਕਪੂਰਾ ਦੇ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਪੁਲੀਸ ਨੂੰ ਦਿੱਤੇ ਬਿਆਨਾਂ ’ਚ ਕੇਵਲਪ੍ਰੀਤ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਕਾਨੂੰਨਗੋ ਜਸਵਿੰਦਰ ਸਿੰਘ (35) ਨੂੰ ਕੋਟਕਪੂਰਾ ਦੇ ਤਿੰਨ ਵਿਅਕਤੀ ਕੁਝ ਪੈਸਿਆਂ ਨੂੰ ਲੈ ਕੇ ਤੰਗ-ਪ੍ਰੇਸ਼ਾਨ ਕਰਦੇ ਅਤੇ ਅਕਸਰ ਪੈਸੇ ਮੰਗਦੇ ਸਨ। ਇਸ ਤੋਂ ਪ੍ਰੇਸ਼ਾਨ ਹੋਣ ਕਰ ਕੇ ਉਸ ਦੇ ਪਤੀ ਨੇ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਪੁਲੀਸ ਨੇ ਇਮਰੋਜ਼ਪ੍ਰੀਤ ਸਿੰਘ, ਰਾਜਵਿੰਦਰ ਸਿੰਘ ਤੇ ਪਾਲਾ ਵਾਸੀ ਕੋਟਕਪੂਰਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਫਿਲਹਾਲ ਸਾਰੇ ਮੁਲਜ਼ਮ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਸਹਾਇਕ ਥਾਣੇਦਾਰ ਜਰਨੈਲ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਨੂੰ ਸੁਸਾਈਡ ਨੋਟ ਮਿਲਿਆ ਹੈ, ਜਿਸ ਵਿੱਚ ਪੈਸਿਆਂ ਨੂੰ ਲੈ ਕੇ ਮੁਲਜ਼ਮਾਂ ਵੱਲੋਂ ਪ੍ਰੇਸ਼ਾਨ ਕੀਤੇ ਜਾਣ ਬਾਰੇ ਦੱਸਿਆ ਗਿਆ ਹੈ। ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।