ਵਿਦਿਆਰਥੀਆਂ ਵੱਲੋਂ ਮਰਨ ਵਰਤ ਦੀ ਚਿਤਾਵਨੀ
ਬੂਟ ਪਾਲਿਸ਼ ਕੀਤੇ, ਚਾਹ ਵੇਚੀ; ਇੰਟਰਨਸ਼ਿਪ ਵਧਾਉਣ ਦੀ ਮੰਗ ਕਰ ਰਹੇ ਨੇ ਵੈਟਰਨਰੀ ਵਿਦਿਆਰਥੀ
ਸਤਵਿੰਦਰ ਬਸਰਾ
ਵੈਟਰਨਰੀ ਸਟੂਡੈਂਟਸ ਯੂਨੀਅਨ ਦੀ ਅਗਵਾਈ ਹੇਠ ਇਥੋਂ ਦੀ ਵੈਟਰਨਰੀ ’ਵਰਸਿਟੀ ਦੇ ਵਿਦਿਆਰਥੀਆਂ ਦਾ ਧਰਨਾ ਅੱਜ ਵੀ ਜਾਰੀ ਰਿਹਾ। ਅੱਜ ਵਿਦਿਆਰਥੀਆਂ ਨੇ ਰੋਸ ਮਾਰਚ ਕਰ ਕੇ ਬੂਟ ਪਾਲਿਸ਼ ਕੀਤੇ ਅਤੇ ਸਟਾਲ ਲਾ ਕੇ ਚਾਹ ਤੇ ਨਿੰਬੂ ਪਾਣੀ ਵੇਚੇ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਹ ਸਿਰਫ਼ ਇੰਟਰਨਸ਼ਿਪ ਭੱਤਾ ਵਧਾਉਣ ਦੀ ਮੰਗ ਕਰ ਰਹੇ ਹਨ ਪਰ ਸਰਕਾਰ ਦਾ ਕੋਈ ਵੀ ਨੁਮਾਇੰਦਾ ਉਨ੍ਹਾਂ ਦੀ ਸਾਰ ਲੈਣ ਨਹੀਂ ਪਹੁੰਚਿਆ, ਜਿਸ ਕਾਰਨ ਇਹ ਕਦਮ ਚੁੱਕਣਾ ਪਿਆ ਹੈ। 33 ਦਿਨਾਂ ਤੋਂ ਅਣਮਿੱਥੇ ਸਮੇਂ ਦੀ ਹੜਤਾਲ ਤੋਂ ਬਾਅਦ ਤਿੰਨ ਦਿਨਾਂ ਤੋਂ ਭੁੱਖ ਹੜਤਾਲ ’ਤੇ ਬੈਠੇ ਵਿਦਿਆਰਥੀਆਂ ਵੱਲੋਂ ਅੱਜ ਪਹਿਲਾਂ ਰੋਸ ਮਾਰਚ ਕੀਤਾ ਗਿਆ ਅਤੇ ਬਾਅਦ ਵਿੱਚ ਬੂਟ ਪਾਲਿਸ਼ ਕੀਤੇ ਗਏ। ਇਸ ਮਗਰੋਂ ਉਨ੍ਹਾਂ ਚਾਹ ਅਤੇ ਨਿੰਬੂ ਪਾਣੀ ਦੇ ਸਟਾਲ ਵੀ ਲਾਏ। ਵਿਦਿਆਰਥੀ ਆਗੂਆਂ ਨੇ ਕਿਹਾ ਕਿ ਅਜਿਹੇ ਕੰਮ ਕਰ ਕੇ ਵੀ ਉਹ ਦਿੱਤੇ ਜਾ ਰਹੇ ਭੱਤੇ ਤੋਂ ਵੱਧ ਪੈਸੇ ਕਮਾ ਸਕਦੇ ਹਨ। ਉਹ ਸਿਰਫ਼ ਇੰਟਰਨਸ਼ਿਪ ਭੱਤਾ 15 ਹਜ਼ਾਰ ਰੁਪਏ ਤੋਂ ਵਧਾ ਕੇ 24,310 ਕਰਨ ਦੀ ਮੰਗ ਕਰ ਰਹੇ ਹਨ ਪਰ ਸਰਕਾਰ ਉਨ੍ਹਾਂ ਦੀ ਇਸ ਮਾਮੂਲੀ ਜਿਹੀ ਮੰਗ ਨੂੰ ਵੀ ਮੰਨਣ ਲਈ ਤਿਆਰ ਨਹੀਂ ਹੈ। ਮੰਗ ਮੰਨਣੀ ਤਾਂ ਦੂਰ ਵਿੱਤ ਮੰਤਰੀ ਨਾਲ ਮੀਟਿੰਗ ਵੀ ਨਹੀਂ ਕਰਵਾਈ ਜਾ ਰਹੀ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਗੁਆਂਢੀ ਸੂਬਿਆਂ ਵਿੱਚ ਵੀ ਇਹ ਭੱਤਾ ਉਨ੍ਹਾਂ ਤੋਂ ਵੱਧ ਹੈ। ਹੋਰ ਤਾਂ ਹੋਰ ਪੰਜਾਬ ਵਿੱਚ ਐੱਮ ਬੀ ਬੀ ਐੱਸ ਅਤੇ ਬੀ ਡੀ ਐੱਸ ਵਿਦਿਆਰਥੀਆਂ ਨੂੰ ਵੱਧ ਇੰਟਰਨਸ਼ਿਪ ਦਿੱਤੀ ਜਾ ਰਹੀ ਹੈ।
ਵਿਦਿਆਰਥੀਆਂ ਨੇ ਚਿਤਾਵਨੀ ਦਿੱਤੀ ਕਿ ਜੇ ਹਾਲੇ ਵੀ ਸਰਕਾਰ ’ਤੇ ਕੋਈ ਅਸਰ ਨਾ ਹੋਇਆ ਤਾਂ ਮਰਨ ਵਰਤ ’ਤੇ ਬੈਠਣ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਵੇਗਾ।
ਉਹ ਸਰਕਾਰ ਤੋਂ ਆਪਣਾ ਹੱਕ ਮੰਗ ਰਹੇ ਹਨ, ਕੋਈ ਭੀਖ ਨਹੀਂ, ਜਿੰਨੀ ਦੇਰ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਹੜਤਾਲ ਅਤੇ ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰੱਖੇ ਜਾਣਗੇ।

