ਵਿਦਿਆਰਥੀਆਂ ਵੱਲੋਂ ਪੰਜਾਬੀ ’ਵਰਸਿਟੀ ਦਾ ਗੇਟ ਬੰਦ ਕਰਕੇ ਧਰਨਾ
ਭਾਈ ਕਾਨ੍ਹ ਸਿੰਘ ਨਾਭਾ ਵੱਲੋਂ ਰਚੇ ਮਹਾਨ ਕੋਸ਼ ਨੂੰ ਦੁਬਾਰਾ ਛਾਪਣ ਵੇਲੇ ਪੰਜਾਬੀ ਯੂਨੀਵਰਸਿਟੀ ਵੱਲੋਂ ਰਹੀਆਂ ਕਥਿਤ ਗ਼ਲਤੀਆਂ ਕਾਰਨ ਇਸ ਨੂੰ ਨਸ਼ਟ ਕਰਨ ਦੇ ਤਰੀਕੇ ਤੋਂ ਬਾਅਦ ’ਵਰਸਿਟੀ ਦੇ ਅਧਿਕਾਰੀ ਵਿਵਾਦਾਂ ਵਿੱਚ ਘਿਰ ਗਏ ਹਨ। ਨਸ਼ਟ ਕਰਨ ਦੇ ਤਰੀਕੇ ਨੂੰ ਲੈ ਕੇ ਵਿਦਿਆਰਥੀਆਂ ਨੇ ਇਤਰਾਜ਼ ਕੀਤੇ ਤੇ ਉਨ੍ਹਾਂ ਨੂੰ ਤੁਰੰਤ ਮਹਾਨ ਕੋਸ਼ ਨੂੰ ਨਸ਼ਟ ਕਰਨ ਤੋਂ ਰੋਕਿਆ ਤੇ ਅਧਿਕਾਰੀਆਂ ਖ਼ਿਲਾਫ਼ ਮਹਾਨ ਕੋਸ਼ ਦੀ ਬੇਅਦਬੀ ਕਰਨ ਦਾ ਦੋਸ਼ ਲਗਾ ਕੇ ਯੂਨੀਵਰਸਿਟੀ ਦਾ ਮੁੱਖ ਗੇਟ ਬੰਦ ਕਰ ਦਿੱਤਾ। ਖ਼ਬਰ ਲਿਖੇ ਜਾਣ ਤੱਕ ਵਿਦਿਆਰਥੀ ਯੂਨੀਵਰਸਿਟੀ ਦੇ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਸਨ ਤੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਗੇਟ ਬੰਦ ਕਰਕੇ ਹੀ ਬੈਠੇ ਸਨ। ਸਿੱਖ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਨੇ 1930 ਵਿਚ ਪੰਜਾਬੀ ਦੇ ਲਗਪਗ 80 ਹਜ਼ਾਰ ਸ਼ਬਦਾਂ ਦੇ ਅਰਥਾਂ ਵਾਲਾ ਮਹਾਨ ਕੋਸ਼ ਤਿਆਰ ਕੀਤਾ। ਉਧਰ, ਇਹ ਕੇਸ ਹਾਈ ਕੋਰਟ ਵਿੱਚ ਵੀ ਗਿਆ, ਜਿੱਥੇ ਅਦਾਲਤ ਨੇ ਕਥਿਤ ਮਹਾਨ ਕੋਸ਼ ਵਿਚੋਂ ਤਰੁੱਟੀਆਂ ਦਰੁਸਤ ਕਰਨ ਲਈ ਕਿਹਾ ਸੀ ਪਰ ਯੂਨੀਵਰਸਿਟੀ ਇਸ ਲਈ ਤਿਆਰ ਨਹੀਂ ਹੋਈ। ‘ਆਪ ਸਰਕਾਰ’ ਆਉਣ ’ਤੇ ਇਹ ਮਾਮਲਾ ਵਫਦ ਨੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਕੋਲ ਚੁੱਕਿਆ ਗਿਆ, ਜਿਸ ਵਿਚ ਕੇਂਦਰੀ ਸਿੰਘ ਸਭਾ ਦੇ ਜਨਰਲ ਸਕੱਤਰ ਡਾ. ਖ਼ੁਸ਼ਹਾਲ ਸਿੰਘ, ਖ਼ਾਲਸਾ ਪੰਚਾਇਤ ਦੇ ਕਨਵੀਨਰ ਰਜਿੰਦਰ ਸਿੰਘ, ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਦੇ ਸਾਬਕਾ ਰਜਿਸਟਰਾਰ ਡਾ. ਪਿਆਰਾ ਲਾਲ ਗਰਗ, ਸਿੱਖ ਮਿਸ਼ਨਰੀ ਕਾਲਜ ਦੇ ਪਰਮਜੀਤ ਸਿੰਘ ਤੇ ਸਿੱਖ ਸਕਾਲਰ ਅਮਰਜੀਤ ਸਿੰਘ ਧਵਨ ਸ਼ਾਮਲ ਸਨ। 6 ਅਗਸਤ ਨੂੰ ਵਫ਼ਦ ਨੇ ਸਪੀਕਰ ਨੂੰ ਚਿਤਾਵਨੀ ਦਿੱਤੀ ਸੀ ਕਿ ਜੇ ਤੈਅ ਸਮੇਂ ਅੰਦਰ ਇਸ ਨੂੰ ਵਾਪਸ ਲੈ ਕੇ ਨਸ਼ਟ ਨਹੀਂ ਕੀਤਾ ਗਿਆ ਤਾਂ ਉਹ ਇਸ ਮਹਾਨ ਕੋਸ਼ ਦੇ ਮਾਮਲੇ ਨੂੰ ਆਮ ਜਨਤਾ ਵਿਚਾਲੇ ਲੈ ਕੇ ਜਾਣਗੇ। ਮੀਟਿੰਗ ਦੌਰਾਨ ਯੂਨੀਵਰਸਿਟੀ ਦੇ ਵੀਸੀ ਡਾ. ਜਗਦੀਪ ਸਿੰਘ ਤੇ ਉਨ੍ਹਾਂ ਦੀ ਟੀਮ ਨੇ ਭਰੋਸਾ ਦਿੱਤਾ ਕਿ 15 ਦਿਨਾਂ ਦੇ ਅੰਦਰ ਇਸ ਨੂੰ ਵਾਪਸ ਲੈ ਕੇ ਨਸ਼ਟ ਕੀਤਾ ਜਾਵੇਗਾ। ਇਸੇ ਅਧਾਰ ’ਤੇ ਯੂਨੀਵਰਸਿਟੀ ਵੱਲੋਂ ਮਹਾਨ ਕੋਸ਼ ਨੂੰ ਨਸ਼ਟ ਕਰਨ ਦੀ ਤਿਆਰੀ ਕੀਤੀ ਜਾ ਰਹੀ ਸੀ ਪਰ ਹੁਣ ਇਸ ਨੂੰ ਵਿਦਿਆਰਥੀਆਂ ਦੇ ਰੋਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਦਿਆਰਥੀ ਆਗੂ ਕਹਿ ਰਹੇ ਸਨ ਕਿ ਮਹਾਨ ਕੋਸ਼ ਨੂੰ ਪਾੜ-ਪਾੜ ਕੇ ਟੋਇਆਂ ਵਿੱਚ ਸੁੱਟਿਆ ਗਿਆ ਹੈ।
ਜਿਵੇਂ ਵਿਦਿਆਰਥੀ ਚਾਹੁੰਦੇ ਹਨ, ਅਸੀਂ ਉਸੇ ਤਰ੍ਹਾਂ ਕਰਨ ਲਈ ਤਿਆਰ ਹਾਂ: ਬਰਾੜ
ਪੰਜਾਬੀ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਡਾ. ਜਸਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਜਿਵੇਂ ਸਾਨੂੰ ਉਪਰੋਂ ਹੁਕਮ ਹੋਏ ਸੀ ਉਸ ਤਰ੍ਹਾਂ ਕਮੇਟੀ ਬਣਾ ਕੇ ਅਸੀਂ ਮਹਾਨ ਕੋਸ ਨੂੰ ਨਸ਼ਟ ਕਰ ਰਹੇ ਸੀ। ਇਹ ਕੰਮ 60 ਫ਼ੀਸਦੀ ਮੁਕੰਮਲ ਹੋ ਗਿਆ ਸੀ ਪਰ ਹੁਣ ਵਿਦਿਆਰਥੀਆਂ ਨੇ ਰੌਲਾ ਪਾਇਆ ਹੈ, ਜੇ ਸਾਥੋਂ ਗ਼ਲਤੀ ਹੋਈ ਹੈ ਤਾਂ ਅਸੀਂ ਮੁਆਫ਼ੀ ਮੰਗਦੇ ਹਾਂ ਤੇ ਮੁਆਫ਼ੀ ਮੰਗ ਵੀ ਲਈ ਹੈ, ਜਿਵੇਂ ਵਿਦਿਆਰਥੀ ਚਾਹੁੰਦੇ ਹਨ ਅਸੀਂ ਉਸੇ ਤਰ੍ਹਾਂ ਕਰਨ ਲਈ ਤਿਆਰ ਹਾਂ। ਉਨ੍ਹਾਂ ਕਿਹਾ ਕਿ ਇਹ ਮੁੱਦਾ ਬਣਾਉਣਾ ਠੀਕ ਨਹੀਂ ਹੈ।