ਪਰਾਲੀ ਪ੍ਰਦੂਸ਼ਣ : 165 ਕਿਸਾਨਾਂ ਦੇ ਰਿਕਾਰਡ ’ਚ ਰੈੱਡ ਐਂਟਰੀ !
Stubble Burning: ਹੁਣ ਤੱਕ 172 ਕੇਸਾਂ ’ਚ ਪੁਲੀਸ ਕੇਸ ਦਰਜ; 189 ਮਾਮਲਿਆਂ ’ਚ ਜੁਰਮਾਨੇ
Stubble Burning: ਉੱਤਰੀ ਭਾਰਤ ਚੋਂ ਐਤਕੀਂ ਉਤਰ ਪ੍ਰਦੇਸ਼ ’ਚ ਪਰਾਲੀ ਨੂੰ ਅੱਗ ਲਾਏ ਜਾਣ ਦੇ ਕੇਸਾਂ ’ਚ ਲਗਾਤਾਰ ਬੜ੍ਹੌਤਰੀ ਹੋ ਰਹੀ ਹੈ ਜਦੋਂ ਕਿ ਪੰਜਾਬ ’ਚ ਇਨ੍ਹਾਂ ਕੇਸਾਂ ’ਚ ਕਟੌਤੀ ਨਜ਼ਰ ਆ ਰਹੀ ਹੈ।
ਸਿਆਸੀ ਮਾਹੌਲ ’ਚ ਪਰਾਲੀ ਪ੍ਰਦੂਸ਼ਣ ਨੂੰ ਲੈ ਕੇ ‘ਪਰਲੋ’ ਆ ਗਈ ਜਾਪਦੀ ਹੈ ਪ੍ਰੰਤੂ ਹਕੀਕਤ ਇਹ ਹੈ ਕਿ ਉੱਤਰ ਪ੍ਰਦੇਸ਼ ਇਸ ਵਾਰ ਪਰਾਲੀ ਸਾੜਨ ਦੇ ਮਾਮਲੇ ’ਚ ਸਭ ਤੋਂ ਅੱਗੇ ਹੈ। ਪੰਜਾਬ ’ਚ 15 ਸਤੰਬਰ ਤੋਂ 21 ਅਕਤੂਬਰ ਤੱਕ ਪੰਜਾਬ ’ਚ ਹੁਣ ਤੱਕ 415 ਕੇਸ ਪਰਾਲੀ ਸਾੜਨ ਦੇ ਸਾਹਮਣੇ ਆਏ ਹਨ।
ਉੱਤਰ ਪ੍ਰਦੇਸ਼ ਹੁਣ ਤੱਕ 660 ਕੇਸ ਸਾਹਮਣੇ ਆ ਚੁੱਕੇ ਹਨ। ਹਾਲਾਂਕਿ ਪੰਜਾਬ ’ਚ ਹੁਣ ਤੱਕ ਪਰਾਲੀ ਨੂੰ ਅੱਗਾਂ ਦੇ ਕੇਸ 75 ਫ਼ੀਸਦੀ ਤੱਕ ਘਟੇ ਹਨ ਪ੍ਰੰਤੂ ਇਸ ਦੇ ਬਾਵਜੂਦ ਪੰਜਾਬ ਦੇ ਪਰਾਲੀ ਪ੍ਰਦੂਸ਼ਣ ਨੂੰ ਹੀ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ।
ਹੁਣ ਤੱਕ ਰਾਜਸਥਾਨ ’ਚ 253, ਮੱਧ ਪ੍ਰਦੇਸ਼ ’ਚ 343 ਅਤੇ ਹਰਿਆਣਾ ’ਚ 55 ਕੇਸ ਪਰਾਲੀ ਸਾੜਨ ਦੇ ਦਰਜ ਕੀਤੇ ਗਏ ਹਨ। ਪੰਜਾਬ ’ਚ ਅੱਜ ਇੱਕੋ ਦਿਨ ’ਚ 62 ਕੇਸ ਦਰਜ ਹੋਏ ਹਨ ਜਦੋਂ ਉੱਤਰ ਪ੍ਰਦੇਸ਼ ’ਚ ਇੱਕ ਦਿਨ ’ਚ 103 ਨਵੇਂ ਆਏ ਹਨ।
ਪਰਾਲੀ ਪ੍ਰਦੂਸ਼ਣ ਰੋਕਣ ਲਈ ਹੁਣ ਤੱਕ 172 ਕੇਸਾਂ ’ਚ ਪੁਲੀਸ ਕੇਸ ਦਰਜ ਕੀਤੇ ਗਏ ਹਨ ਜਦੋਂ ਕਿ 189 ਮਾਮਲਿਆਂ ’ਚ ਜੁਰਮਾਨੇ ਕੀਤੇ ਗਏ ਹਨ।
ਸੂਬੇ ਦੇ 165 ਕਿਸਾਨਾਂ ਦੇ ਮਾਲ ਰਿਕਾਰਡ ’ਚ ‘ਰੈੱਡ ਐਂਟਰੀ’ ਦਰਜ ਕੀਤੀ ਗਈ ਹੈ। ਪੰਜਾਬ ਸਰਕਾਰ ਨੇ ‘ਪਰਾਲੀ ਪ੍ਰੋਟੈਕਸ਼ਨ ਫੋਰਸ’ ਦਾ ਵੀ ਗਠਨ ਕੀਤਾ ਹੈ। ਪਿਛਲੇ ਕੁਝ ਦਿਨਾਂ ਵਿੱਚ ਡਿਪਟੀ ਕਮਿਸ਼ਨਰਾਂ/ਐਸਐਸਪੀਜ਼ ਦੁਆਰਾ 251 ਸਾਂਝੇ ਦੌਰੇ ਕੀਤੇ ਗਏ।