DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪਰਾਲੀ ਪ੍ਰਦੂਸ਼ਣ: ਪ੍ਰਕਾਸ਼ ਪੁਰਬ ਮੌਕੇ ਵੀ ਨਹੀਂ ਟਲੇ ਪੰਜਾਬੀ

ਇੱਕੋ ਦਿਨ ’ਚ 94 ਥਾਵਾਂ ’ਤੇ ਸਾੜੀ ਪਰਾਲੀ; ਮੁੱਖ ਮੰਤਰੀ ਦਾ ਜ਼ਿਲ੍ਹਾ ਸੰਗਰੂਰ ਪਹਿਲੇ ਨੰਬਰ ’ਤੇ

  • fb
  • twitter
  • whatsapp
  • whatsapp
Advertisement

ਚਰਨਜੀਤ ਭੁੱਲਰ

ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਵੀ ਪੰਜਾਬੀ ਪਰਾਲੀ ਨੂੰ ਅੱਗਾਂ ਲਾਉਣ ਤੋਂ ਨਹੀਂ ਟਲੇ। ਬੇਸ਼ੱਕ ਪਿਛਲੇ ਦਿਨਾਂ ਨਾਲੋਂ ਪ੍ਰਕਾਸ਼ ਦਿਹਾੜੇ ਵਾਲੇ ਦਿਨ ਪਰਾਲੀ ਨੂੰ ਸਾੜਣ ਦੇ ਕੇਸ ਕਾਫ਼ੀ ਘਟ ਰਹੇ ਪਰ ਲੋਕਾਂ ਨੇ ਇਸ ਪਵਿੱਤਰ ਦਿਹਾੜੇ ਮੌਕੇ ਗੁਰੂ ਸਾਹਿਬ ਦੇ ਸੰਦੇਸ਼ ਨੂੰ ਪੂਰੀ ਤਰ੍ਹਾਂ ਅਮਲ ’ਚ ਨਹੀਂ ਲਿਆਂਦਾ। ਪੰਜਾਬ ’ਚ ਅੱਜ 94 ਥਾਵਾਂ ’ਤੇ ਪਰਾਲੀ ਨੂੰ ਅੱਗ ਲਾਈ ਗਈ ਅਤੇ ਸਭ ਤੋਂ ਵੱਧ ਜ਼ਿਲ੍ਹਾ ਮੋਗਾ ’ਚ ਡੇਢ ਦਰਜਨ ਕੇਸ ਸਾਹਮਣੇ ਆਏ। 15 ਸਤੰਬਰ ਤੋਂ ਹੁਣ ਤੱਕ ਪਰਾਲੀ ਸਾੜਨ ’ਚ ਮੁੱਖ ਮੰਤਰੀ ਪੰਜਾਬ ਦਾ ਜੱਦੀ ਜ਼ਿਲ੍ਹਾ ਸੰਗਰੂਰ ਪਹਿਲੇ ਨੰਬਰ ’ਤੇ ਹੈ, ਜਿੱਥੇ ਹੁਣ ਤੱਕ 526 ਕੇਸ ਰਿਪੋਰਟ ਹੋਏ ਹਨ। ਪੰਜਾਬ ’ਚ ਹੁਣ ਤੱਕ 2933 ਕੇਸ ਸਾਹਮਣੇ ਆਏ ਹਨ, ਜਦਕਿ ਪਿਛਲੇ ਵਰ੍ਹੇ ਇਸ ਸਮੇਂ ਤੱਕ 4755 ਕੇਸ ਰਿਪੋਰਟ ਹੋਏ ਸਨ। ਪੰਜਾਬ ਸਰਕਾਰ ਨੇ ਪਹਿਲੀ ਨਵੰਬਰ ਤੋਂ ਪਰਾਲੀ ਪ੍ਰਦੂਸ਼ਣ ਰੋਕਣ ਲਈ ਸਖ਼ਤੀ ਵਧਾ ਦਿੱਤੀ ਹੈ। ਜ਼ਿਲ੍ਹਾ ਸੰਗਰੂਰ ’ਚ ਪਿਛਲੇ ਦਿਨਾਂ ’ਚ ਦੋ-ਤਿੰਨ ਕਿਸਾਨਾਂ ਨੂੰ ਆਰਜ਼ੀ ਤੌਰ ’ਤੇ ਹਿਰਾਸਤ ’ਚ ਵੀ ਲਿਆ ਗਿਆ ਸੀ ਅਤੇ ਕਈ ਥਾਵਾਂ ’ਤੇ ਅਧਿਕਾਰੀਆਂ ਦਾ ਘਿਰਾਓ ਵੀ ਹੋਇਆ ਹੈ। ਡਿਪਟੀ ਕਮਿਸ਼ਨਰ ਅਤੇ ਐੱਸ ਐੱਸ ਪੀਜ਼ ਵੀ ਹੁਣ ਦਫ਼ਤਰਾਂ ’ਚੋਂ ਨਿਕਲ ਕੇ ਖੇਤਾਂ ’ਚ ਪੁੱਜਣ ਲੱਗੇ ਹਨ। ਸਖ਼ਤੀ ਦੇ ਬਾਵਜੂਦ ਅੱਜ ਜ਼ਿਲ੍ਹਾ ਸੰਗਰੂਰ ’ਚ 16 ਥਾਵਾਂ ’ਤੇ ਪਰਾਲੀ ਸਾੜੀ ਗਈ। ਗੁਰੂ ਨਾਨਕ ਦੇਵ ਨੇ ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ’ ਸਲੋਕ ’ਚ ਵਾਤਾਵਰਨ ਦੀ ਸੰਭਾਲ ਦੀ ਮਹੱਤਤਾ ਦਰਸਾਈ ਹੈ। ਅੱਜ ਪੰਜਾਬ ’ਚ ਗੁਰੂ ਸਾਹਿਬ ਦਾ ਪ੍ਰਕਾਸ਼ ਪੁਰਬ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ ਪਰ ਦੂਜੇ ਪਾਸੇ ਪਰਾਲੀ ਸਾੜਨ ਤੋਂ ਵੀ ਸੰਕੋਚ ਨਹੀਂ ਕੀਤਾ ਗਿਆ। ਉੱਤਰੀ ਭਾਰਤ ਦੇ ਛੇ ਸੂਬਿਆਂ ’ਚ ਹੁਣ ਤੱਕ ਕੁੱਲ 5863 ਸਾਹਮਣੇ ਆਏ ਹਨ, ਜਿਨ੍ਹਾਂ ’ਚੋਂ 2933 ਕੇਸ ਇਕੱਲੇ ਪੰਜਾਬ ਦੇ ਹਨ। ਇਸ ਸੀਜ਼ਨ ਦੌਰਾਨ ਸਭ ਤੋਂ ਵੱਧ ਕੇਸ ਪਹਿਲੀ ਨਵੰਬਰ ਨੂੰ 442 ਰਿਕਾਰਡ ਹੋਏ ਸਨ। ਬੀਤੇ ਦਿਨ 321 ਕੇਸ ਸਾਹਮਣੇ ਆਏ, ਜਿਸ ਦੇ ਮੁਕਾਬਲੇ ਅੱਜ ਪ੍ਰਕਾਸ਼ ਪੁਰਬ ਵਾਲੇ ਦਿਨ 94 ਕੇਸ ਹੀ ਰਿਪੋਰਟ ਹੋਏ ਹਨ। ਗੁਆਂਢੀ ਸੂਬੇ ਹਰਿਆਣਾ ’ਚ ਹੁਣ ਤੱਕ 171 ਕੇਸ ਹੀ ਰਿਕਾਰਡ ਹੋਏ ਹਨ, ਜੋ ਕਿ ਪੰਜਾਬ ਦੇ ਮੁਕਾਬਲੇ ਕਾਫ਼ੀ ਘੱਟ ਹਨ। ਉੱਤਰ ਪ੍ਰਦੇਸ਼ ’ਚ ਹੁਣ ਤੱਕ 1121 ਕੇਸ ਰਿਪੋਰਟ ਹੋਏ ਹਨ। ਪੰਜਾਬ ’ਚ ਇਸ ਵੇਲੇ ਤੱਕ 92 ਫ਼ੀਸਦੀ ਤੋਂ ਵੱਧ ਝੋਨੇ ਦੀ ਫ਼ਸਲ ਦੀ ਵਾਢੀ ਹੋ ਚੁੱਕੀ ਹੈ। ਅਗਲੀ ਕਣਕ ਦੀ ਫ਼ਸਲ ਦੀ ਬਿਜਾਈ ਲਈ 15 ਨਵੰਬਰ ਤੱਕ ਦੇ ਸਮੇਂ ਨੂੰ ਢੁਕਵਾਂ ਦੱਸਿਆ ਜਾਂਦਾ ਹੈ, ਜਿਸ ਕਰਕੇ ਕਿਸਾਨਾਂ ਕੋਲ ਸਿਰਫ਼ ਦਸ ਦਿਨਾਂ ਦਾ ਸਮਾਂ ਬਚਿਆ ਹੈ। ਹਾੜ੍ਹੀ ਦੀ ਫ਼ਸਲ ਦੀ ਤਿਆਰੀ ’ਚ ਪਰਾਲੀ ਸਾੜਨ ਦੇ ਕੇਸਾਂ ’ਚ ਇਕਦਮ ਵਾਧਾ ਵੀ ਹੋ ਸਕਦਾ ਹੈ।

Advertisement

ਦੋ ਵਰ੍ਹਿਆਂ ’ਚ ਪਰਾਲੀ ਸਾੜਨ ਦਾ ਰੁਝਾਨ ਘਟਿਆ

Advertisement

ਦੋ ਵਰ੍ਹਿਆਂ ’ਚ ਪੰਜਾਬ ’ਚ ਪਰਾਲੀ ਸਾੜਨ ਦਾ ਰੁਝਾਨ ਕਾਫ਼ੀ ਘਟਿਆ ਹੈ। ਰੋਪੜ ਜ਼ਿਲ੍ਹੇ ’ਚ ਹਾਲੇ ਤੱਕ ਪਰਾਲੀ ਪ੍ਰਦੂਸ਼ਣ ਦਾ ਇੱਕ ਵੀ ਕੇਸ ਨਹੀਂ ਆਇਆ, ਜਦਕਿ ਪਿਛਲੇ ਸਾਲ ਇਸ ਸਮੇਂ ਤੱਕ 10 ਥਾਵਾਂ ’ਤੇ ਪਰਾਲੀ ਸਾੜੀ ਗਈ ਸੀ। ਪਠਾਨਕੋਟ ਜ਼ਿਲ੍ਹੇ ’ਚ ਸਿਰਫ਼ ਇੱਕ ਕੇਸ ਹੀ ਰਿਕਾਰਡ ਕੀਤਾ ਗਿਆ ਹੈ। ਬਠਿੰਡਾ ਜ਼ਿਲ੍ਹੇ ’ਚ ਪਿਛਲੇ ਸਾਲ ਦੇ ਮੁਕਾਬਲੇ ਬਹੁਤਾ ਫ਼ਰਕ ਨਹੀਂ ਆਇਆ। ਪਿਛਲੇ ਸਾਲ 204 ਕੇਸ ਸਨ ਅਤੇ ਐਤਕੀਂ 201 ਕੇਸ ਰਿਕਾਰਡ ਹੋਏ ਹਨ। ਉਧਰ ਸ੍ਰੀ ਮੁਕਤਸਰ ਸਾਹਿਬ ਵਿੱਚ ਅਜਿਹੇ ਕੇਸ ਪਿਛਲੇ ਸਾਲ ਦੇ ਮੁਕਾਬਲੇ ਦੁੱਗਣੇ ਹੋ ਗਏ ਹਨ।

Advertisement
×