DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੈਨੇਟ ਚੋਣਾਂ ਲਈ ਪੰਜਾਬ ਯੂਨੀਵਰਸਿਟੀ ’ਚ ਸੰਘਰਸ਼

ਹਜ਼ਾਰਾਂ ਲੋਕਾਂ ਦੇ ਹਡ਼੍ਹ ਅੱਗੇ ਪੁਲੀਸ ਦੀਆਂ ਰੋਕਾਂ ਉੱਡੀਆਂ; ਧਰਨੇ ਵਾਲੀ ਥਾਂ ’ਤੇ ਪੁੱਜੇ ਕਿਸਾਨ, ਮਜ਼ਦੂਰ, ਮੁਲਾਜ਼ਮ ਤੇ ਸਿਆਸੀ ਆਗੂ

  • fb
  • twitter
  • whatsapp
  • whatsapp
featured-img featured-img
ਪੰਜਾਬ ਯੂਨੀਵਰਸਿਟੀ ਵੱਲ ਮਾਰਚ ਕਰਦੇ ਹੋਏ ਕਿਸਾਨ। -ਫੋਟੋ: ਰਵੀ ਕੁਮਾਰ
Advertisement

ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਦੇ ਸੱਦੇ ਉੱਤੇ ਸੈਨੇਟ ਬਚਾਉਣ ਲਈ ਰੱਖੇ ਗਏ ਧਰਨੇ ਵਿੱਚ ਅੱਜ ਰੋਕਾਂ ਦੇ ਬਾਵਜੂਦ ਵੱਡਾ ਇਕੱਠ ਹੋਇਆ। ਪਹਿਲਾਂ ਰਸਤਿਆਂ ਵਿੱਚ ਪੰਜਾਬ ਪੁਲੀਸ ਅਤੇ ਫਿਰ ਚੰਡੀਗੜ੍ਹ ਪੁਲੀਸ ਦੇ ਅੜਿੱਕਿਆਂ ਦੇ ਬਾਵਜੂਦ ਹਜ਼ਾਰਾਂ ਦੀ ਗਿਣਤੀ ਵਿੱਚ ਵਿਦਿਆਰਥੀ, ਕਿਸਾਨ-ਮਜ਼ਦੂਰ, ਮੁਲਾਜ਼ਮ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਪੰਜਾਬ ਯੂਨੀਵਰਸਿਟੀ ਕੈਂਪਸ ਅੰਦਰ ਦਾਖ਼ਲ ਹੋ ਗਏ; ਹਾਲਾਂਕਿ ਗੇਟ ਉਤੇ ਪੁਲੀਸ ਨੇ ਲਾਠੀਚਾਰਜ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਲੋਕਾਂ ਨੇ ਇਸ ਦੀ ਪ੍ਰਵਾਹ ਨਹੀਂ ਕੀਤੀ। ਲੋਕ ਟਰੈਕਟਰਾਂ, ਕਾਰਾਂ ਅਤੇ ਜੀਪਾਂ ਉਤੇ ਸਵਾਰ ਹੋ ਕੇ ਲੰਗਰ ਸਮੇਤ ਧਰਨੇ ਵਿੱਚ ਪਹੁੰਚੇ। ਵਿਦਿਆਰਥੀ ਆਗੂਆਂ ਨੇ ਕਿਹਾ ਕਿ ਸੈਨੇਟ ਚੋਣਾਂ ਦੇ ਮੁੱਦੇ ਨੂੰ ਲੈ ਕੇ ਅੱਜ ਦਾ ਇਕੱਠ ਸੰਕੇਤਕ ਇਕੱਤਰਤਾ ਹੈ, ਮੰਗਾਂ ਪੂਰੀਆਂ ਹੋਣ ਤੱਕ ਵਾਈਸ ਚਾਂਸਲਰ ਦਫ਼ਤਰ ਅੱਗੇ ਧਰਨਾ ਲਗਾਤਾਰ ਜਾਰੀ ਰਹੇਗਾ। ਇਹ ਧਰਨਾ ਪੁਰਾਣੀ 91 ਮੈਂਬਰੀ ਸੈਨੇਟ ਚੋਣਾਂ ਦਾ ਸ਼ਡਿਊਲ ਜਾਰੀ ਹੋਣ ਤੱਕ ਜਾਰੀ ਰੱਖਿਆ ਜਾਵੇਗਾ।

ਵਾਈਸ ਚਾਂਸਲਰ ਦਫ਼ਤਰ ਅੱਗੇ ਚੱਲ ਰਹੇ ਵਿਦਿਆਰਥੀਆਂ ਦੇ ਧਰਨੇ ਵਿੱਚ ਸ਼ਾਮਲ ਹੋਣ ਲਈ ਲੋਕਾਂ ਵਿੱਚ ਇੰਨਾ ਉਤਸ਼ਾਹ ਸੀ ਕਿ ਉਹ ਪੀ ਜੀ ਆਈ ਵਾਲੇ ਪਾਸਿਉਂ ਸੜਕ ਵਿਚਾਲੇ ਰੇਲਿੰਗ ਟੱਪ ਕੇ ਪਹਿਲਾਂ ਤਾਂ ਗੇਟ ਨੰਬਰ 1 ’ਤੇ ਪਹੁੰਚੇ ਜਿੱਥੇ ਉਨ੍ਹਾਂ ਜ਼ਬਰਦਸਤੀ ਗੇਟ ਖੋਲ੍ਹ ਲਿਆ ਅਤੇ ਬੈਰੀਕੇਡਾਂ ਨੂੰ ਤੋੜ ਕੇ ਅੱਗੇ ਵਧ ਗਏ। ਉਹ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਅਤੇ ‘ਬੋਲੇ ਸੋ ਨਿਹਾਲ’ ਦੇ ਜੈਕਾਰੇ ਛੱਡ ਰਹੇ ਸਨ। ਵੱਡੇ ਹਜੂਮ ਦੇ ਅੰਦਰ ਜਾਣ ਤੋਂ ਬਾਅਦ ਬੇਵੱਸ ਹੋਈ ਚੰਡੀਗੜ੍ਹ ਪੁਲੀਸ ਨੇ ਰੋਕਾਂ ਹਟਾ ਦਿੱਤੀਆਂ ਅਤੇ ਸ਼ਾਮ ਤੱਕ ਧਰਨੇ ਵਿੱਚ ਸ਼ਾਮਲ ਹੋਣ ਲਈ ਲੋਕ ਆਉਂਦੇ ਰਹੇ। ਅੱਜ ਦੇ ਇਕੱਠ ਨੇ ਸਿੰਘੂ-ਟਿਕਰੀ ਬਾਰਡਰਾਂ ਉਤੇ ਚੱਲੇ ਕਿਸਾਨ ਅੰਦੋਲਨ ਦੀ ਯਾਦ ਦਿਵਾ ਦਿੱਤੀ। ਮੋਰਚੇ ਨੂੰ ਸੰਬੋਧਨ ਕਰਦਿਆਂ ਅਸ਼ਮੀਤ ਸਿੰਘ, ਸੰਦੀਪ, ਕਰਨਵੀਰ, ਰਵਿੰਦਰ ਸਿੰਘ ਬਿੱਲਾ ਧਾਲੀਵਾਲ, ਸੰਦੀਪ ਸੀਕਰੀ, ਸੰਨੀ ਮਹਿਤਾ, ਸਿਮਰਨ ਢਿੱਲੋਂ, ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ, ਅਮਿਤੋਜ ਮਾਨ, ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ, ਬਰਿੰਦਰ ਸਿੰਘ ਢਿੱਲੋਂ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਕਿਸਾਨ ਆਗੂਆਂ ਬਲਵੀਰ ਸਿੰਘ ਰਾਜੇਵਾਲ ਤੇ ਸਰਵਣ ਸਿੰਘ ਪੰਧੇਰ, ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ, ਜਗਤਾਰ ਸਿੰਘ ਹਵਾਰਾ ਦੇ ਪਿਤਾ ਗੁਰਚਰਨ ਸਿੰਘ, ਵਿਧਾਇਕ ਪਰਗਟ ਸਿੰਘ, ਭਾਨਾ ਸਿੱਧੂ, ਦਲ ਖਾਲਸਾ ਤੋਂ ਪਰਮਜੀਤ ਸਿੰਘ ਮੰਡ, ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ, ਲੱਖਾ ਸਿਧਾਣਾ, ਹੈਰੀ ਬਰਾੜ ਗਿੱਦੜਬਾਹਾ, ਡਾ. ਪਿਆਰਾ ਲਾਲ ਗਰਗ, ਡਾ. ਕੰਵਲਜੀਤ ਕੌਰ ਢਿੱਲੋਂ ਆਦਿ ਸਮੇਤ ਹੋਰ ਸਿਆਸੀ, ਸਮਾਜਿਕ, ਧਾਰਮਿਕ ਅਤੇ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਨੇ ਸੰਬੋਧਨ ਕਰਦਿਆਂ ਇੱਕੋ-ਇੱਕ ਮੰਗ ਰੱਖੀ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਪੁਰਾਣੀ 91 ਮੈਂਬਰੀ ਸੈਨੇਟ ਦੀਆਂ ਚੋਣਾਂ ਦਾ ਸ਼ਡਿਊਲ ਤੁਰੰਤ ਜਾਰੀ ਕਰ ਕੇ ਲੋਕਤੰਤਰੀ ਢਾਂਚਾ ਬਹਾਲ ਕੀਤਾ ਜਾਵੇ।

Advertisement

ਬੁਲਾਰਿਆਂ ਨੇ ਕਿਹਾ ਕਿ ਕੇਂਦਰ ਵਿਚਲੀ ਭਾਜਪਾ ਸਰਕਾਰ ਵੱਲੋਂ ਸਿੱਖਿਆ ਦਾ ਕੇਂਦਰੀਕਰਨ, ਨਿੱਜੀਕਰਨ ਅਤੇ ਭਗਵਾਂਕਰਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ’ਚ ਸ਼ਰੇਆਮ ਆਰ ਐੱਸ ਐੱਸ ਦਾ ਏਜੰਡਾ ਲਾਗੂ ਕਰਨ ਦੀ ਕੋਸ਼ਿਸ਼ ਹੋ ਰਹੀ ਹੈ।

Advertisement

ਸੈਨੇਟ ਚੋਣਾਂ ਲਈ ਹਾਈ ਕੋਰਟ ’ਚ ਪਟੀਸ਼ਨ

ਚੰਡੀਗੜ੍ਹ (ਸੌਰਭ ਮਲਿਕ): ਪੰਜਾਬ ਯੂਨੀਵਰਸਿਟੀ ਦੀਆਂ ਲੰਮੇ ਸਮੇਂ ਤੋਂ ਲਟਕ ਰਹੀਆਂ ਸੈਨੇਟ ਚੋਣਾਂ ਦੇ ਐਲਾਨ ਦੀ ਮੰਗ ਨੂੰ ਲੈ ਕੇ ਵਿਦਿਆਰਥੀਆਂ ਦੇ ਪ੍ਰਦਰਸ਼ਨਾਂ ਦਰਮਿਆਨ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਹੈ। ਇਸ ਪਟੀਸ਼ਨ ਰਾਹੀਂ ਪੰਜਾਬ ਯੂਨੀਵਰਸਿਟੀ ਅਤੇ ਹੋਰ ਪ੍ਰਤੀਵਾਦੀਆਂ ਨੂੰ ਸੈਨੇਟ ਦੇ ਵੱਖ-ਵੱਖ ਹਲਕਿਆਂ ਲਈ ਚੋਣਾਂ ਦਾ ਪ੍ਰੋਗਰਾਮ ਤੁਰੰਤ ਐਲਾਨੇ ਜਾਣ ਜਾਂ ਸੂਚਿਤ ਕਰਨ ਦੇ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਹੈ। ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਸੌੜੇ ਹਿੱਤਾਂ ਕਾਰਨ ਚੋਣ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਜੋ ਆਪਣੇ ਸਿਆਸੀ ਮਨੋਰਥਾਂ ਲਈ ਯੂਨੀਵਰਸਿਟੀ ਦੇ ਜਮਹੂਰੀ ਅਤੇ ਵਿਰਾਸਤੀ ਢਾਂਚੇ ਨੂੰ ਖ਼ਤਮ ਕੀਤਾ ਜਾ ਸਕੇ। ਇਸ ਵਿੱਚ ਕਿਹਾ ਗਿਆ ਹੈ ਕਿ ਸੈਨੇਟ ’ਚ ਪ੍ਰਤੀਨਿਧਤਾ ਭਾਗੀਦਾਰੀ ਦੀ ਬੁਨਿਆਦ ਅਤੇ ਬਹੁਮੱਤ ਰਾਹੀਂ ਜਮਹੂਰੀ ਫੈਸਲੇ ਲੈਣ ਦੇ ਸਿਧਾਂਤ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਿਨੈਕਾਰ ਹਰਪ੍ਰੀਤ ਸਿੰਘ ਦੂਆ ਨੇ ਦਲੀਲ ਦਿੱਤੀ ਕਿ ਉਹ ਸੈਨੇਟ ਚੋਣਾਂ ਵਿੱਚ ਜਾਣਬੁੱਝ ਕੇ ਕੀਤੀ ਗਈ ਦੇਰੀ ਸਬੰਧੀ ਜਾਂਚ ਕਰਨ ਲਈ ਨਿਰਦੇਸ਼ ਜਾਰੀ ਕਰਨ ਦੀ ਮੰਗ ਰਹੇ ਹਨ।

’ਵਰਸਿਟੀ ਮੁੱਦੇ ’ਤੇ ਕਿਸਾਨ ਮੁੜ ਇਕਜੁੱਟ

ਚੰਡੀਗੜ੍ਹ (ਆਤਿਸ਼ ਗੁਪਤਾ): ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ 13 ਮਹੀਨਿਆਂ ਦੇ ਸੰਘਰਸ਼ ਤੋਂ ਬਾਅਦ ਆਪਸੀ ਵਖਰੇਵਿਆਂ ਦਾ ਸਾਹਮਣਾ ਕਰ ਰਹੀਆਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਅਤੇ ਸਿੰਡੀਕੇਟ ਭੰਗ ਕਰਨ ਦੇ ਕੇਂਦਰ ਦੇ ਫ਼ੈਸਲੇ ਖ਼ਿਲਾਫ਼ ਮੁੜ ਇਕਜੁੱਟ ਹੋ ਗਈਆਂ ਹਨ। ਇਸੇ ਤਹਿਤ ਅੱਜ ਸੰਯੁਕਤ ਕਿਸਾਨ ਮੋਰਚਾ, ਸੰਯੁਕਤ ਕਿਸਾਨ ਮੋਰਚਾ (ਗ਼ੈਰ-ਸਿਆਸੀ) ਅਤੇ ਕਿਸਾਨ-ਮਜ਼ਦੂਰ ਮੋਰਚੇ ਦੀ ਅਗਵਾਈ ਹੇਠ ਵੱਡੀ ਗਿਣਤੀ ਕਿਸਾਨਾਂ ਨੇ ਮੁਹਾਲੀ ਤੋਂ ਚੰਡੀਗੜ੍ਹ ਵੱਲ ਮਾਰਚ ਕੀਤਾ। ਚੰਡੀਗੜ੍ਹ ਪੁਲੀਸ ਵੱਲੋਂ ਪੰਜਾਬ-ਚੰਡੀਗੜ੍ਹ ਦੀਆਂ ਸਰਹੱਦਾਂ ’ਤੇ ਲਾਈਆਂ ਗਈਆਂ ਭਾਰੀ ਰੋਕਾਂ ਦੇ ਬਾਵਜੂਦ ਪ੍ਰਦਰਸ਼ਨਕਾਰੀ ਬੈਰੀਕੇਡ ਤੋੜਦੇ ਹੋਏ ਪੰਜਾਬ ਯੂਨੀਵਰਸਿਟੀ ਤੱਕ ਪਹੁੰਚਣ ਵਿੱਚ ਸਫਲ ਰਹੇ। ਕਿਸਾਨ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਸੂਬਿਆਂ ਦੇ ਹੱਕਾਂ ਨੂੰ ਖੋਰਾ ਲਾਉਣ ਲਈ ਹਰ ਖੇਤਰ ਦਾ ਕੇਂਦਰੀਕਰਨ ਕਰ ਰਹੀ ਹੈ ਅਤੇ ਪੰਜਾਬ ਦੇ ਅਧਿਕਾਰਾਂ ’ਤੇ ਲਗਾਤਾਰ ਡਾਕਾ ਮਾਰ ਰਹੀ ਹੈ। ਆਗੂਆਂ ਨੇ ਐਲਾਨ ਕੀਤਾ ਕਿ ਪੰਜਾਬ ਦੇ ਹੱਕਾਂ ਦੀ ਰਾਖੀ ਲਈ ਇਹ ਸੰਘਰਸ਼ ਭਵਿੱਖ ਵਿੱਚ ਵੀ ਜਾਰੀ ਰਹੇਗਾ।

Advertisement
×