ਆਤਿਸ਼ ਗੁਪਤਾ
ਝੋਨੇ ਦੇ ਖਰੀਦ ਸੀਜ਼ਨ ਦੌਰਾਨ ਹੋਰ ਸੂਬਿਆਂ ਤੋਂ ਪੰਜਾਬ ਵਿੱਚ ਗ਼ੈਰਕਾਨੂੰਨੀ ਢੰਗ ਨਾਲ ਝੋਨਾ ਲਿਆ ਕੇ ਵੇਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਅੰਤਰ-ਰਾਜੀ ਝੋਨੇ ਦੀ ਗ਼ੈਕਾਨੂੰਨੀ ਢੰਗ ਨਾਲ ਹੋ ਰਹੀ ਢੁਆਈ ਬਾਰੇ ਜਾਣਕਾਰੀ ਮਿਲਦੇ ਹੀ ਅੱਜ ਇੱਥੇ ਦਫ਼ਤਰ ਵਿੱਚ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨਾਲ ਮਿਲ ਕੇ ਜ਼ਿਲ੍ਹਾ ਮੰਡੀ ਅਫਸਰਾਂ (ਡੀ ਐੱਮ ਓਜ਼.) ਅਤੇ ਮੁੱਖ ਖੇਤੀ ਅਫਸਰਾਂ (ਸੀ.ਏ.ਓ.) ਨਾਲ ਮੀਟਿੰਗ ਕੀਤੀ। ਸ੍ਰੀ ਖੁੁੱਡੀਆਂ ਨੇ ਡੀ ਐੱਮ ਓਜ਼ ਨੂੰ ਸਖਤ ਨਿਰਦੇਸ਼ ਦਿੱਤੇ ਕਿ ਸੂਬੇ ਵਿੱਚ ਖਾਸ ਕਰਕੇ ਸਰਹੱਦੀ ਜ਼ਿਲ੍ਹਿਆਂ ਵਿੱਚ ਸੂਬੇ ਤੋਂ ਬਾਹਰੋਂ ਝੋਨੇ ਦਾ ਇੱਕ ਵੀ ਦਾਣਾ ਨਹੀਂ ਵਿਕਣਾ ਚਾਹੀਦਾ।
ਉਨ੍ਹਾਂ ਸਾਰੇ ਮਾਰਕੀਟ ਕਮੇਟੀ ਸਕੱਤਰਾਂ ਅਤੇ ਡੀ ਐੱਮ ਓਜ਼ ਨੂੰ ਆਦੇਸ਼ ਦਿੱਤੇ ਕਿ ਉਹ ਸ਼ੈਲਰਾਂ ਨੂੰ ਝੋਨਾ ਭੇਜਣ ਤੋਂ ਪਹਿਲਾਂ ਪੀ ਏ ਯੂ-ਕੈਲੀਬਰੇਟਿਡ ਨਮੀ-ਮਾਪਕ ਮੀਟਰਾਂ ਦੀ ਵਰਤੋਂ ਕਰਕੇ ਨਮੀ ਦੀ ਜਾਂਚ ਯਕੀਨੀ ਬਣਾਉਣ। ਪੰਜਾਬ ਮੰਡੀ ਬੋਰਡ ਦੇ ਸਕੱਤਰ ਰਾਮਵੀਰ ਨੇ ਕਿਹਾ ਕਿ ਪੰਜਾਬ ਮੰਡੀ ਬੋਰਡ ਵੱਲੋਂ ਹੋਰ ਸੂਬਿਆਂ ਤੋਂ ਝੋਨੇ ਦੀ ਨਾਜਾਇਜ਼ ਢੋਆ-ਢੁਆਈ ਤੋਂ ਬਚਾਅ ਲਈ ਵਿਸ਼ੇਸ਼ ਨਾਕੇ ਲਗਾਏ ਜਾ ਰਹੇ ਹਨ। ਬੀਤੇ ਦਿਨ ਪੁਲੀਸ ਨੇ ਕੋਟਕਪੂਰਾ ਦੇ ਪਿੰਡ ਹਰੀ ਨੌ ਦੇ ਦੋ ਚੌਲ ਮਿੱਲਾਂ ਦੇ ਮਾਲਕ ਅਤੇ ਰਾਜਸਥਾਨ ਦੇ ਪੰਜ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਪੁਲੀਸ ਨੇ ਝੋਨੇ ਨਾਲ ਭਰੇ ਰਾਜਸਥਾਨ ਨੰਬਰ ਦੇ ਚਾਰ ਟਰੈਕਟਰ-ਟਰਾਲੀ ਵੀ ਕਾਬੂ ਕੀਤੇ ਹਨ।