ਅਵਾਰਾ ਕੁੱਤਿਆਂ ਨੇ 11 ਸਾਲਾ ਬੱਚਾ ਮਾਰਿਆ
ਸੰਤੋਖ ਗਿੱਲ
ਗੁਰੂਸਰ ਸੁਧਾਰ/ਮੁੱਲਾਂਪੁਰ-ਦਾਖਾ, 11 ਜਨਵਰੀ
ਥਾਣਾ ਦਾਖਾ ਅਧੀਨ ਪਿੰਡ ਹਸਨਪੁਰ ਨਾਲ ਖੇਤਾਂ ਵਿੱਚ ਵਸੇ ਛੋਟੇ ਜਿਹੇ ਪਿੰਡ ਕਰੀਮਪੁਰਾ ਵਿੱਚ ਅੱਜ ਸਵੇਰੇ ਅਵਾਰਾ ਕੁੱਤਿਆਂ ਦੇ ਝੁੰਡ ਨੇ 11 ਸਾਲਾ ਬੱਚੇ ਨੂੰ ਨੋਚ-ਨੋਚ ਕੇ ਮਾਰ ਦਿੱਤਾ। ਇਹ ਘਟਨਾ ਸਵੇਰੇ ਲਗਪਗ ਸਾਢੇ ਅੱਠ ਵਜੇ ਦੀ ਹੈ। ਮ੍ਰਿਤਕ ਦੀ ਪਛਾਣ ਹਰਸੁਖਪ੍ਰੀਤ ਸਿੰਘ ਵਜੋਂ ਹੋਈ ਹੈ। ਉਹ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਪੰਜਵੀਂ ਦਾ ਵਿਦਿਆਰਥੀ ਸੀ।
ਬੱਚੇ ਦੀ ਮੌਤ ਮਗਰੋਂ ਪਿੰਡ ਵਾਸੀਆਂ ਨੇ ਲੁਧਿਆਣਾ-ਫ਼ਿਰੋਜ਼ਪੁਰ ਕੌਮੀ ਮਾਰਗ ’ਤੇ ਧਰਨਾ ਲਾ ਕੇ ਆਵਾਜਾਈ ਠੱਪ ਕਰ ਦਿੱਤੀ। ਉਹ ਪ੍ਰਸ਼ਾਸਨ ਤੋਂ ਕਾਰਵਾਈ ਦੀ ਮੰਗ ਕੀਤੀ। ਪ੍ਰਸ਼ਾਸਨ ਨੇ ਕਾਰਵਾਈ ਦਾ ਭਰੋਸਾ ਦੇ ਕੇ ਆਵਾਜਾਈ ਬਹਾਲ ਕਰਵਾਈ। ਪਿਛਲੇ ਐਤਵਾਰ ਹੱਡਾਂ-ਰੋੜੀ ਦੇ ਇਨ੍ਹਾਂ ਕੁੱਤਿਆਂ ਦੇ ਝੁੰਡ ਨੇ ਪਿੰਡ ਹਸਨਪੁਰ ਦੀਆਂ ਝੁੱਗੀਆਂ ਵਿੱਚ ਰਹਿਣ ਵਾਲੇ ਪਰਵਾਸੀ ਮਜ਼ਦੂਰ ਸ਼ੰਕਰ ਲਾਲ ਅਤੇ ਰੀਟਾ ਦੇਵੀ ਦੇ 11 ਸਾਲਾ ਪੁੱਤਰ ਅਰਜਨ ਨੂੰ ਨੋਚ-ਨੋਚ ਕੇ ਮਾਰ ਮੁਕਾਇਆ ਸੀ। ਹਰਸੁਖਪ੍ਰੀਤ ਦਾ ਛੋਟਾ ਜਿਹਾ ਪਾਲਤੂ ਕੁੱਤਾ ਦੋ ਦਿਨ ਪਹਿਲਾਂ ਕਿਧਰੇ ਗੁਆਚ ਗਿਆ ਸੀ। ਉਹ ਅੱਜ ਛੁੱਟੀ ਹੋਣ ਕਾਰਨ ਉਸ ਨੂੰ ਖੇਤਾਂ ਵਿੱਚ ਲੱਭ ਰਿਹਾ ਸੀ। ਇਸ ਦੌਰਾਨ ਅਵਾਰਾ ਕੁੱਤਿਆਂ ਦੇ ਝੁੰਡ ਨੇ ਉਸ ’ਤੇ ਹਮਲਾ ਕਰ ਦਿੱਤਾ। ਉਸ ਦੇ ਪਿਤਾ ਰਣਧੀਰ ਸਿੰਘ, ਮਾਤਾ ਤਰਨਜੀਤ ਕੌਰ ਅਤੇ ਦਾਦੀ ਗੁਰਜੀਤ ਕੌਰ ਉਸ ਨੂੰ ਲੱਭ ਰਹੇ ਸਨ। ਉਹ ਜਦੋਂ ਬੱਚੇ ਦੀਆਂ ਚੀਕਾਂ ਸੁਣ ਕੇ ਖੇਤਾਂ ਵੱਲ ਭੱਜੇ ਤਾਂ ਕੁੱਤੇ ਉਸ ਨੂੰ ਘੜੀਸਦੇ ਹੋਏ ਨੋਚ ਰਹੇ ਸਨ। ਉਨ੍ਹਾਂ ਕਾਫ਼ੀ ਮੁਸ਼ੱਕਤ ਮਗਰੋਂ ਆਪਣੇ ਬੱਚੇ ਨੂੰ ਕੁੱਤਿਆਂ ਤੋਂ ਛੁਡਵਾਇਆ। ਇਸ ਘਟਨਾ ਤੋਂ ਗੁੱਸੇ ਵਿੱਚ ਆਏ ਪਿੰਡ ਵਾਸੀਆਂ ਨੇ ਲੁਧਿਆਣਾ-ਫ਼ਿਰੋਜ਼ਪੁਰ ਕੌਮੀ ਮਾਰਗ ’ਤੇ ਆਵਾਜਾਈ ਠੱਪ ਕਰ ਦਿੱਤੀ। ਮੌਕੇ ’ਤੇ ਪੁੱਜੇ ਵਧੀਕ ਡਿਪਟੀ ਕਮਿਸ਼ਨਰ (ਏਡੀਸੀ) ਜਗਰਾਉਂ ਕੁਲਪ੍ਰੀਤ ਸਿੰਘ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਰੀਬ ਚਾਰ ਘੰਟਿਆਂ ਦੀ ਜੱਦੋਜਹਿਦ ਮਗਰੋਂ ਕਾਰਵਾਈ ਦਾ ਭਰੋਸਾ ਦੇ ਕੇ ਆਵਾਜਾਈ ਬਹਾਲ ਕਰਵਾਈ।