ਜਗਜੀਤ ਸਿੰਘ
ਹੁਸ਼ਿਆਰਪੁਰ, 5 ਜੁਲਾਈ
ਇੱਥੇ ਖਣਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਦੇ ਆਗੂ ਸੇਵਾਮੁਕਤ ਕੈਪਟਨ ਮਨੋਹਰ ਲਾਲ ’ਤੇ ਲੰਘੀ ਰਾਤ ਨਕਾਬਪੋਸ਼ਾਂ ਵੱਲੋਂ ਹਮਲਾ ਕਰ ਕੇ ਜ਼ਖ਼ਮੀ ਕਰਨ ਖ਼ਿਲਾਫ਼ ਭੋਲ ਕਲੋਤਾ ’ਚ ਤਲਵਾੜਾ ਦੌਲਤਪੁਰ ਮਾਰਗ ਰਾਤ 8.30 ਵਜੇ ਜਾਮ ਕਰ ਦਿੱਤਾ ਗਿਆ। ਡਿਊਟੀ ਮੈਜਿਸਟਰੇਟ ਲਖਵਿੰਦਰ ਸਿੰਘ ਅਤੇ ਡੀਐੱਸਪੀ ਬਲਵਿੰਦਰ ਸਿੰਘ ਜੌੜਾ ਦੀ ਅਗਵਾਈ ’ਚ ਪੁਲੀਸ ਵੱਲੋਂ ਅੱਜ ਦੁਪਹਿਰ 12 ਵਜੇ ਇਹ ਧਰਨਾ 15 ਘੰਟਿਆਂ ਮਗਰੋਂ ਪੁਲੀਸ ਰਾਹੀਂ ਹਟਾਇਆ ਗਿਆ। ਜਾਣਕਾਰੀ ਅਨੁਸਾਰ ਸੜਕ ’ਤੇ ਚੱਲ ਰਹੇ ਧਰਨੇ ਵਿੱਚ ਸੰਘਰਸ਼ ਕਮੇਟੀ ਦੇ ਸਕੱਤਰ ਧਰਮਿੰਦਰ ਸਿੰਘ ਸਿੰਬਲੀ, ਮਨੋਜ ਕੁਮਾਰ ਅਤੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਰੁਣ ਕੁਮਾਰ ਮਿੱਕੀ ਡੋਗਰਾ ਸਣੇ ਹੋਰ ਆਗੂਆਂ ਨੇ ਸ਼ਿਰਕਤ ਕੀਤੀ।
ਇਸ ਮੌਕੇ ਧਰਨੇ ’ਚ ਪੁੱਜੇ ਡੀਐੱਸਪੀ ਬਲਵਿੰਦਰ ਸਿੰਘ ਜੌੜਾ ਨੇ ਪੀੜਤ ਦੇ ਬਿਆਨ ਦਰਜ ਕਰਨ ਮਗਰੋਂ ਕਾਰਵਾਈ ਦਾ ਭਰੋਸਾ ਦਿੱਤਾ ਪਰ ਧਰਨਾਕਾਰੀ ਕਾਰਵਾਈ ਉਪਰੰਤ ਹੀ ਧਰਨਾ ਚੁੱਕਣ ਦੀ ਗੱਲ ’ਤੇ ਅੜੇ ਰਹੇ।
ਇਸੇ ਦੌਰਾਨ ਪੁਲੀਸ ਤੇ ਧਰਨਾਕਾਰੀਆਂ ਵਿਚਾਲੇ ਤਕਰਾਰ ਹੋਈ ਅਤੇ ਪੁਲੀਸ ਨੇ ਧਰਨਾਕਾਰੀਆਂ ਨੂੰ ਜ਼ਬਰੀ ਉਠਾ ਕੇ ਸੜਕੀ ਆਵਾਜਾਈ ਬਹਾਲ ਕਰ ਦਿੱਤੀ।
ਸੰਘਰਸ਼ ਕਮੇਟੀ ਦੇ ਆਗੂ ਧਰਮਿੰਦਰ ਸਿੰਘ ਨੇ ਦੋਸ਼ ਲਾਇਆ ਕਿ ਸਰਕਾਰ ਤੇ ਪ੍ਰਸ਼ਾਸਨ ਲੋਕਾਂ ਦੀ ਆਵਾਜ਼ ਡੰਡੇ ਦੇ ਜ਼ੋਰ ਨਾਲ ਦਬਾਉਣਾ ਚਾਹੁੰਦਾ ਹੈ। ਡੀਐੱਸਪੀ ਬਲਵਿੰਦਰ ਸਿੰਘ ਜੌੜਾ ਨੇ ਕਿਹਾ ਕਿ ਉਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਹਮਲਾਵਰਾਂ ਖ਼ਿਲਾਫ਼ ਬਿਆਨ ਦੇਣ ਲਈ ਆਖਿਆ ਪਰ ਉਹ ਬਿਆਨ ਦੇਣ ਲਈ ਤਿਆਰ ਨਹੀਂ ਸਨ। ਡਿਊਟੀ ਮੈਜਿਸਟਰੇਟ ਲਖਵਿੰਦਰ ਸਿੰਘ ਦੀ ਅਪੀਲ ਮੰਨਣ ਦੀ ਥਾਂ ਧਰਨਕਾਰੀਆਂ ਦੇ ਹਿੰਸਕ ਹੋਣ ਕਾਰਨ ਉਨ੍ਹਾਂ ਨੂੰ ਸੜਕ ਤੋਂ ਹਟਾਉਣ ਲਈ ਪੁਲੀਸ ਬਲ ਵਰਤਣਾ ਪਿਆ। ਪੁਲੀਸ ਨੇ 8 ਜਣਿਆਂ ਨੂੰ ਡਿਊਟੀ ਵਿੱਚ ਵਿਘਨ ਪਾਉਣ, ਧਰਨਾ ਨਾ ਚੁੱਕਣ ਅਤੇ ਪ੍ਰਸ਼ਾਸਨ ਦਾ ਵਿਰੋਧ ਕਰਨ ਦੇ ਦੋਸ਼ਾਂ ਹੇਠ ਹਿਰਾਸਤ ਵਿੱਚ ਲਿਆ ਹੈ ਅਤੇ ਸੜਕੀ ਆਵਾਜਾਈ ਠੱਪ ਕਰਨ ਲਈ ਵਰਤੀਆਂ ਦੋ ਗੱਡੀਆਂ ਵੀ ਕਬਜ਼ੇ ਵਿੱਚ ਲਈਆਂ ਹਨ। ਇਸ ਤੋਂ ਇਲਾਵਾ 100 ਤੋਂ ਵੱਧ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।