ਸੂਬੇ ਦਾ ਸਭ ਤੋਂ ਉੱਚਾ 121 ਫੁੱਟ ਦਾ ਰਾਵਣ ਦਾ ਪੁਤਲਾ ਅਗਨੀ ਭੇਟ
ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਵਡ਼ਿੰਗ ਨੇ ਰਿਮੋਟ ਦਾ ਬਟਨ ਦੱਬ ਕੇ ਪੁਤਲੇ ਨੂੰ ਅੱਗ ਦਿਖਾਈ
ਇੱਥੇ ਸਨਅਤੀ ਸ਼ਹਿਰ ਵਿੱਚ ਅੱਜ ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਤਿਉਹਾਰ ਦਸਹਿਰਾ ਪੂਰੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ। ਹਰ ਸਾਲ ਵਾਂਗ ਇਸ ਵਾਰ ਵੀ ਸੂਬੇ ਦਾ ਸਭ ਤੋਂ ਉੱਚਾ 121 ਫੁੱਟ ਰਾਵਣ ਦਾ ਪੁਤਲਾ ਪੁਰਾਤਨ ਦਰੇਸੀ ਮੈਦਾਨ ਵਿੱਚ ਜਲਾਇਆ ਗਿਆ। ਰਾਵਣ ਦੇ ਪੁਤਲੇ ਨੂੰ ਮਹੀਨੇ ਤੋਂ ਵੀ ਵੱਧ ਸਮਾਂ ਲਾ ਕੇ ਆਗਰੇ ਦੇ ਕਾਰੀਗਰਾਂ ਵੱਲੋਂ ਤਿਆਰ ਕੀਤਾ ਗਿਆ ਸੀ। ਰਾਵਣ ਦੇ ਪੁਤਲੇ ਨੂੰ ਰਿਮੋਟ ਕੰਟਰੋਲ ਰਾਹੀਂ ਅਗਨੀ ਭੇਟ ਕੀਤਾ ਗਿਆ। ਇਸ ਮੌਕੇ ਕਾਫ਼ੀ ਗਿਣਤੀ ਵਿੱਚ ਲੋਕ ਸ਼ਾਮਲ ਸਨ। ਦਰੇਸੀ ਮੈਦਾਨ ਵਿੱਚ ਦਸਹਿਰੇ ਮੌਕੇ ਮੁੱਖ ਮਹਿਮਾਨ ਵਜੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ਼ਿਰਕਤ ਕੀਤੀ। ਰਾਵਣ ਦੇ ਪੁਤਲੇ ਨੂੰ ਅਗਨੀ ਭੇਟ ਕਰਨ ਦੀ ਰਸਮ 5.40 ਵਜੇ ਹੋਣੀ ਸੀ ਪਰ ਮੁੱਖ ਮਹਿਮਾਨ ਦੇ ਕਥਿਤ ਦੇਰੀ ਨਾਲ ਆਉਣ ਕਰ ਕੇ ਪੁਤਲੇ ਨੂੰ 6.20 ਵਜੇ ਅਗਨੀ ਭੇਟ ਕੀਤਾ ਗਿਆ। ਇਸ ਮੌਕੇ ‘ਆਪ’ ਦੇ ਵਿਧਾਇਕ ਪੱਪੀ ਪਰਾਸ਼ਰ ਪਿਛਲੇ ਦਿਨਾਂ ਦੌਰਾਨ ਮੇਲੇ ਦੇ ਠੇਕੇਦਾਰ ਨਾਲ ਹੋਏ ਵਿਵਾਦ ਕਰ ਕੇ ਸਮਾਗਮ ਵਿੱਚੋਂ ਗ਼ੈਰਹਾਜ਼ਰ ਰਹੇ।