ਪਟਿਆਲਾ ’ਚ ਸੂਬਾ ਪੱਧਰੀ ਤੀਆਂ ਦਾ ਮੇਲਾ
ਗੁਰਨਾਮ ਸਿੰਘ ਅਕੀਦਾ
ਪੰਜਾਬ ਸਰਕਾਰ ਵੱਲੋਂ ਵਿਰਾਸਤ ਅਤੇ ਰਵਾਇਤਾਂ ਨੂੰ ਉਜਾਗਰ ਕਰਨ ਦੇ ਉਦੇਸ਼ ਨਾਲ ‘ਰਾਜ ਪੱਧਰੀ ਤੀਆਂ ਦਾ ਮੇਲਾ’ ਅੱਜ ਇੱਥੇ ਮਨਾਇਆ ਗਿਆ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਗੁਰਪ੍ਰੀਤ ਕੌਰ ਮਾਨ ਅਤੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਡਾ. ਗੁਰਪ੍ਰੀਤ ਕੌਰ ਮਾਨ ਨੇ ਕਿਹਾ ਕਿ ਇਹ ਪਹਿਲੀ ਸਰਕਾਰ ਹੈ, ਜਿਸ ਵਿੱਚ ਪਿੰਡ-ਪਿੰਡ ਅਤੇ ਸ਼ਹਿਰ-ਸ਼ਹਿਰ ਤੀਆਂ ਦੇ ਮੇਲੇ ਲਗਾਏ ਜਾ ਰਹੇ ਹਨ। ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਤੀਆਂ ਦੇ ਮੇਲੇ ਨਾ ਸਿਰਫ਼ ਸਭਿਆਚਾਰਕ ਰੰਗਤ ਨੂੰ ਉਜਾਗਰ ਕਰਦੇ ਹਨ, ਸਗੋਂ ਮਹਿਲਾਵਾਂ ਵਿੱਚ ਆਤਮ-ਵਿਸ਼ਵਾਸ ਅਤੇ ਆਤਮ-ਨਿਰਭਰਤਾ ਦੇ ਜਜ਼ਬੇ ਨੂੰ ਮਜ਼ਬੂਤ ਕਰਨ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ। ਸਮਾਗਮ ਦੌਰਾਨ ਗਿੱਧਾ ਪਾਇਆ ਗਿਆ। ਇਸ ਮੌਕੇ ਜੁੱਤੀ, ਪਰਾਂਦੀ, ਫੁਲਕਾਰੀਆਂ ਆਦਿ ਰਵਾਇਤੀ ਕਲਾਵਾਂ ਦੀ ਪ੍ਰਦਰਸ਼ਨੀ ਲਗਾਈ ਗਈ। ਇਸ ਮੌਕੇ ਮਹਿੰਦੀ, ਰੰਗੋਲੀ, ਚਰਖਾ, ਦਰੀਆਂ ਅਤੇ ਜਿੰਦੀ ਵਰਗੀਆਂ ਪ੍ਰਦਰਸ਼ਨੀਆਂ ਨੇ ਲੋਕਾਂ ਦਾ ਧਿਆਨ ਖਿੱਚਿਆ। ਇਸ ਮੌਕੇ ਡਾ. ਗੁਰਪ੍ਰੀਤ ਕੌਰ ਨੇ ਪੀਂਘ ਵੀ ਝੂਟੀ। ਮਗਰੋਂ ਬੇਬੀ ਤੀਜ, ਮਿਸ ਤੀਜ ਅਤੇ ਮਿਸਿਜ਼ ਤੀਜ ਦੇ ਮੁਕਾਬਲੇ ਵੀ ਕਰਵਾਏ ਗਏ, ਜਿਨ੍ਹਾਂ ਦੇ ਜੇਤੂਆਂ ਨੂੰ ਮੁੱਖ ਮਹਿਮਾਨਾਂ ਵੱਲੋਂ ਇਨਾਮ ਵੰਡੇ ਗਏ। ਇਸ ਮੌਕੇ ਸਮਾਜਿਕ ਸੁਰੱਖਿਆ ਵਿਭਾਗ ਦੀ ਵਧੀਕ ਸਕੱਤਰ ਵਿੰਮੀ ਭੁੱਲਰ, ਚੇਅਰਮੈਨ ਇੰਪਰੂਵਮੈਂਟ ਟਰੱਸਟ ਨਾਭਾ ਜੱਸੀ ਸੋਹੀਆਂ ਵਾਲਾ, ਸਿਮਰਨ ਕੌਰ ਪਠਾਣਮਾਜਰਾ, ਵਧੀਕ ਡਿਪਟੀ ਕਮਿਸ਼ਨਰ ਨਵਰੀਤ ਕੌਰ ਸੇਖੋਂ, ਐੱਸਡੀਐੱਮ ਇਸਮਿਤ ਵਿਜੈ ਸਿੰਘ, ਪ੍ਰਦੀਪ ਸਿੰਘ ਗਿੱਲ, ਜੋਬਨਦੀਪ ਕੌਰ ਹਾਜ਼ਰ ਸਨ।