ਪੀਐੱਸਆਈਸੀ ਸਟਾਫ ਐਸੋਸੀਏਸ਼ਨ ਵੱਲੋਂ ਸੂਬਾ ਪੱਧਰੀ ਕਾਨਫਰੰਸ
ਪੀਐੱਸਆਈਸੀ ਸਟਾਫ਼ ਐਸੋਸੀਏਸ਼ਨ ਵੱਲੋਂ ਇਥੋਂ ਦੇ ਉਦਯੋਗ ਭਵਨ ਵਿੱਚ ਸੂਬਾ ਪੱਧਰੀ ਕਾਨਫਰੰਸ ਕਰਵਾਈ ਗਈ, ਜਿਸ ਵਿੱਚ ਕਾਰਪੋਰੇਸ਼ਨ ਦੇ ਸਮੂਹ ਦਫ਼ਤਰਾਂ ਤੋਂ ਮੁਲਾਜ਼ਮਾਂ ਸਣੇ ਭਰਾਤਰੀ ਜਥੇਬੰਦੀਆਂ ਨੇ ਵੀ ਸ਼ਮੂਲੀਅਤ ਕੀਤੀ। ਐਸੋਸੀਏਸ਼ਨ ਦੇ ਪ੍ਰਧਾਨ ਦੀਪਾ ਰਾਮ, ਮੀਤ ਪ੍ਰਧਾਨ ਰਣਜੋਧ ਸਿੰਘ ਅਤੇ ਜੁਆਇੰਟ ਸੈਕਟਰੀ ਛੀਨਾ ਮੁਹਾਲੀ ਦੀ ਅਗਵਾਈ ਹੇਠ ਕਰਵਾਈ ਗਈ ਕਾਨਫਰੰਸ ਵਿੱਚ ਵੱਖ-ਵੱਖ ਬੁਲਾਰਿਆਂ ਨੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਦੀ ਨਿਖੇਧੀ ਕੀਤੀ। ਉਨ੍ਹਾਂ 11 ਅਗਸਤ ਨੂੰ ਮੁੱਖ ਦਫ਼ਤਰ ਚੰਡੀਗੜ੍ਹ ਅੱਗੇ ਭੁੱਖ ਹੜਤਾਲ ਸ਼ੁਰੂ ਕਰਨ ਦਾ ਐਲਾਨ ਵੀ ਕੀਤਾ। ਇਸ ਕਾਨਫਰੰਸ ਦਾ ਮੁੱਖ ਮਤਾ ਜਨਰਲ ਸਕੱਤਰ ਤਾਰਾ ਸਿੰਘ ਨੇ ਪੇਸ਼ ਕੀਤਾ ਜਿਸ ਵਿੱਚ ਨਿਗਮ ਦੇ ਕੰਮ-ਕਾਜ ਬਾਰੇ ਜਾਣਕਾਰੀ ਦਿੱਤੀ ਗਈ। ਸਰਕਾਰਾਂ ’ਤੇ ਦੋਸ਼ ਲਾਉਂਦਿਆਂ ਬੁਲਾਰਿਆਂ ਨੇ ਕਿਹਾ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਨਿਗਮ ਦੇ ਸਰਮਾਏ ਅਤੇ ਇਸ ਦੀ ਪ੍ਰਾਪਰਟੀ ਉੱਤੇ ਮਾੜੀ ਅੱਖ ਰੱਖੀ। ਉਨ੍ਹਾਂ ਕਿਹਾ ਕਿ ਹੁਣ ਮੌਜੂਦਾ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ਵੀ ਇਸ ਕਾਰਪੋਰੇਸ਼ਨ ਵਿੱਚੋਂ ਕਰੋੜਾਂ ਰੁਪਏ ਦੇ ਫੰਡ ਆਪਣੇ ਖਾਤੇ ਵਿੱਚ ਟ੍ਰਾਂਸਫਰ ਕਰਨ ਵਿੱਚ ਜੁਟ ਗਈ ਹੈ, ਜਿਸ ਦਾ ਮੁਲਾਜ਼ਮਾਂ ਵੱਲੋਂ ਵਿਰੋਧ ਸ਼ੁਰੂ ਕਰ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਹੁਣ ਅਜਿਹੀਆਂ ਨੀਤੀਆਂ ਲਿਆਂਦੀਆਂ ਜਾ ਰਹੀਆਂ ਹਨ, ਜਿਨ੍ਹਾਂ ਰਾਹੀਂ ਨਿਗਮ ਨੂੰ ਫ਼ੀਸਾਂ ਤੋਂ ਹੋਣ ਵਾਲੀ ਆਮਦਨ ਸਰਕਾਰੀ ਖ਼ਜ਼ਾਨੇ ਵਿੱਚ ਜਮ੍ਹਾਂ ਕਰਾਉਣ ਦੇ ਹੁਕਮ ਦਿੱਤੇ ਜਾ ਰਹੇ ਹਨ। ਨੀਤੀਆਂ ਸਬੰਧੀ ਕਈ ਕੇਸ ਅਜਿਹੇ ਹਨ, ਜਿਨ੍ਹਾਂ ਵਿੱਚ ਇਹ 90 ਫ਼ੀਸਦੀ ਤੱਕ ਸਰਕਾਰ ਨੂੰ ਹੀ ਦੇਣੀ ਪੈ ਰਹੀ ਹੈ। ਇਸ ਤੋਂ ਇਲਾਵਾ ਨਿਗਮ ਦੇ ਰਾਖਵੇਂ ਫੰਡਾਂ ਨੂੰ ਵੀ ਹੜੱਪਣ ਦੀ ਤਿਆਰੀ ਕੀਤੀ ਜਾ ਰਹੀ ਹੈ। ਬੁਲਾਰਿਆਂ ਨੇ ਕਿਹਾ ਕਿ ਜੇ ਇਹ ਅਮਲ ਜਾਰੀ ਰਿਹਾ ਤਾਂ ਨਿਗਮ ਦੀ ਹੋਂਦ ਖਤਰੇ ਵਿੱਚ ਪੈ ਜਾਵੇਗੀ। ਅੰਤ ਵਿੱਚ ਜਥੇਬੰਦੀ ਦੇ ਪ੍ਰਧਾਨ ਦੀਪਾ ਰਾਮ ਨੇ ਐਲਾਨ ਕੀਤਾ ਕਿ 11 ਅਗਸਤ ਤੋਂ ਮੁੱਖ ਦਫ਼ਤਰ ਚੰਡੀਗੜ੍ਹ ਅੱਗੇ ਲੜੀਵਾਰ ਭੁੱਖ ਹੜਤਾਲ ਸ਼ੁਰੂ ਕੀਤੀ ਜਾਵੇਗੀ ਅਤੇ ਲੰਚ ਸਮੇਂ ਹਰ ਰੋਜ਼ ਪੰਜਾਬ ਸਰਕਾਰ ਖਿਲਾਫ਼ ਮੁਜ਼ਾਹਰਾ ਕੀਤਾ ਜਾਵੇਗਾ।
ਡੈਮੋਕਰੈਟਿਕ ਮੁਲਾਜ਼ਮ ਫੈਡਰੇਸ਼ਨ ਦੇ ਆਗੂ ਵਿਕਰਮਦੇਵ ਸਿੰਘ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਜਿਸ ਬਰਾਬਰਤਾ ਲਈ ਲੜੇ ਸਨ, ਦੇਸ਼ ਵਿੱਚ ਉਹ ਬਰਾਬਰਤਾ ਅੱਜ ਤੱਕ ਵੀ ਨਹੀਂ ਆ ਸਕੀ। ਕਾਨਫਰੰਸ ਨੂੰ ਜਥੇਬੰਦੀ ਦੇ ਸਰਪ੍ਰਸਤ ਗੁਰਦੀਪ ਸਿੰਘ ਤੇ ਰਿਟਾਇਰਡ ਐਸੋਸੀਏਸ਼ਨ ਦੇ ਜਨਰਲ ਸਕੱਤਰ ਕੁਲਵਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ।