ਐੱਸ ਐੱਸ ਪੀ ਦੀ ਵਾਇਰਲ ਆਡੀਓ ਕਾਰਨ ਸਿਆਸਤ ਭਖ਼ੀ
ਕਲਿੱਪ ’ਚ ਉਮੀਦਵਾਰਾਂ ਦੇ ਕਾਗਜ਼ ਖੋਹਣ ਤੇ ਪਾਡ਼ਨ ਬਾਰੇ ਚਰਚਾ; ਪੁਲੀਸ ਵੱਲੋਂ ਆਡੀਓ ਫ਼ਰਜ਼ੀ ਕਰਾਰ
ਸਰਬਜੀਤ ਸਿੰਘ ਭੰਗੂ
ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਚੋਣਾਂ ਲਈ ਅੱਜ ਮੁਕੰਮਲ ਹੋਈ ਨਾਮਜ਼ਦਗੀ ਕਾਗਜ਼ ਭਰਨ ਦੀ ਪ੍ਰਕਿਰਿਆ ਦੌਰਾਨ ਸਰਕਾਰ ’ਤੇ ਵਿਰੋਧੀ ਧਿਰਾਂ ਦੇ ਉਮੀਦਵਾਰਾਂ ਵੱੱਲੋਂ ਉਨ੍ਹਾਂ ਦੇ ਨਾਮਜ਼ਦਗੀ ਫਾਰਮ ਖੋਹਣ ਅਤੇ ਨਾਮਜ਼ਦਗੀਆਂ ਤੋਂ ਰੋਕਣ ਦੇ ਦੋਸ਼ ਤਾਂ ਭਾਵੇਂ ਪਹਿਲੇ ਦਿਨ ਤੋਂ ਹੀ ਲੱਗ ਰਹੇ ਹਨ ਪਰ ਅੱਜ ਅਜਿਹੇ ਦੋਸ਼ਾਂ ਨਾਲ ਜੁੜੀ ਜ਼ਿਲ੍ਹਾ ਪੁਲੀਸ ਪਟਿਆਲਾ ਦੀ ਆਡੀਓ ਕਲਿੱਪ ਵੀ ਵਾਇਰਲ ਹੋ ਗਈ ਹੈ। ਆਡੀਓ ਕਲਿੱਪ ਵਾਇਰਲ ਹੋਣ ਨਾਲ ਸਿਆਸੀ ਮਾਹੌਲ ਹੋਰ ਭਖ ਗਿਆ ਹੈ। ਆਡੀਓ ਕਾਲਿੰਗ ਕਾਨਫਰੰਸਿੰਗ ਸਿਸਟਮ ’ਤੇ ਆਧਾਰਿਤ ਇਸ ਕਲਿੱਪ ’ਚ ਪਟਿਆਲਾ ਦੇ ਐੱਸ ਐੱਸ ਪੀ ਦੀ ਆਵਾਜ਼ ਵਰਗੀ ਆਵਾਜ਼ ਹੈ, ਜਿਸ ਵਿਚ ਉਹ ਆਪਣੇ ਹੇਠਲੇ ਅਧਿਕਾਰੀਆਂ ਨੂੰ ਕਥਿਤ ਤੌਰ ’ਤੇ ‘ਖਾਸ’ ਹਦਾਇਤਾਂ ਦੇ ਰਹੇ ਹਨ। ਜ਼ਿਲ੍ਹਾ ਪੁਲੀਸ ਪਟਿਆਲਾ ਨੇ ਇਸ ਨੂੰ ਫ਼ਰਜ਼ੀ ਭਾਵ ਆਰਟੀਫਿਸ਼ਲ ਇੰਟੈਲੀਜੈਂਸ ਨਾਲ ਤਿਆਰ ਕੀਤੀ ਕਲਿੱੱਪ ਕਰਾਰ ਦਿੱਤਾ ਹੈ। ਇੱਥੋਂ ਤੱਕ ਇਸ ਸਬੰਧੀ ਪੁਲੀਸ ਵੱੱਲੋਂ ਪਟਿਆਲਾ ’ਚ ਅਣਪਛਾਤਿਆਂ ਖ਼ਿਲਾਫ਼ ਕੇਸ ਵੀ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪੁਲੀਸ ਵੱਲੋਂ ਆਪਣੇ ਫੇਸਬੁੱਕ ਖਾਤੇ ਸਮੇਤ ਸੋਸ਼ਲ ਮੀਡੀਆ ਦੇ ਹੋਰ ਮੰਚਾਂ ’ਤੇ ਆਪਣਾ ਅਜਿਹਾ ਪੱਖ ਸਵੇਰੇ ਹੀ ਰੱਖ ਦਿੱਤਾ ਗਿਆ ਸੀ। ਪੁਲੀਸ ਅਧਿਕਾਰੀਆਂ ਨੇ ਇਹ ਵੀ ਕਿਹਾ ਹੈ ਕਿ ਇਹ ਆਡੀਓ ਕਲਿੱਪ ਸਰਕਾਰ ਅਤੇ ਪੁਲੀਸ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ, ਜਦੋਂ ਉਨ੍ਹਾਂ ਨੂੰ ਆਵਾਜ਼ ਹੂਬਹੂ ਹੋਣ ਬਾਰੇ ਪੁੱਛਿਆ ਤਾਂ ਉਨ੍ਹਾਂ ਦਾ ਤਰਕ ਸੀ ਕਿ ਅੱਜ-ਕੱਲ੍ਹ ਤਾਂ ਤਕਨੀਕ ਨਾਲ ਸਭ ਕੁੱਝ ਸੰਭਵ ਹੈ।
ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਆਡੀਓ ਕਲਿੱਪ ਅਸਲੀ ਹੋਣ ਦਾ ਦਾਅਵਾ ਕੀਤਾ ਹੈ। ਆਡੀਓ ਕਲਿੱਪ ਵਿੱਚ ਐੱਸ ਐੱਸ ਪੀ ਦੀ ਆਵਾਜ਼ ਵਰਗੀ ਆਵਾਜ਼ ਰਾਹੀਂ ਨਾਮਜ਼ਦਗੀਆਂ ਬਾਬਤ ਚਰਚਾ ਕਰਦਿਆਂ ਕਿਹਾ ਜਾ ਰਿਹਾ ਹੈ ਕਿ ਸਿਵਲ ਅਧਿਕਾਰੀਆਂ ਨੂੰ ਕੋਈ ਇਤਰਾਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਨਾਮਜ਼ਦਗੀ ਫਾਈਲਾਂ ਕੇਂਦਰਾਂ ਦੇ ਅੰਦਰ ਨਾ ਪਾੜੀਆਂ ਜਾਂ ਖੋਹੀਆਂ ਜਾਣ। ਮਤਲਬ ਕੇਂਦਰਾਂ ’ਚ ਆਉਣ ਤੋਂ ਪਹਿਲਾਂ ਅਜਿਹੀ ਕਾਰਵਾਈ ਕਰਨ ਦੀ ਤਾਕੀਦ ਕੀਤੀ ਜਾ ਰਹੀ ਹੈ। ਹੇਠਲੇ ਰੈਂਕਾਂ ਨੂੰ ਰਾਜਸੀ ਆਗੂਆਂ ਨਾਲ ਤਾਲਮੇਲ ਰੱਖਣ ਲਈ ਕਿਹਾ ਜਾ ਰਿਹਾ ਹੈ। ਸਨੌਰ ਦੇ ਨਵੇਂ ਹਲਕਾ ਇੰਚਾਰਜ ਰਣਜੋਧ ਹਡਾਣਾ ਦੀ ਤਸੱਲੀ ਹੋਣ ਦਾ ਸਵਾਲ ਤਾਂ ਉਚੇਚੇ ਤੌਰ ’ਤੇ ਪੁੱਛਿਆ ਗਿਆ। ਕਲਿੱਪ ਅਸਲੀ ਜਾਂ ਫ਼ਰਜ਼ੀ ਹੋਣ ਬਾਰੇ ਭਾਵੇਂ ਜਾਂਚ ਤੋਂ ਪਤਾ ਲੱਗੇਗਾ ਪਰ ਇਸ ਵਿੱਚ ਐੱਸ ਐੱਸ ਪੀ ਵੱਲੋਂ ਹੇਠਲੇ ਅਧਿਕਾਰੀਆਂ ਨੂੰ ਸਰਕਾਰ ਦੇ ਵਿਰੋਧੀ ਧਿਰਾਂ ਦੇ ਉਮੀਦਵਾਰਾਂ ਨੂੰ ਨਾਮਜ਼ਦਗੀ ਫਾਰਮ ਭਰਨ ਤੋਂ ਰੋਕਣ ਦੀ ਹਦਾਇਤ ਕੀਤੀ ਸੁਣੀ ਜਾ ਸਕਦੀ ਹੈ।
ਿਰੋਧੀ ਧਿਰਾਂ ਨੇ ਸਰਕਾਰ ਘੇਰੀ
ਵਿਰੋਧੀ ਧਿਰਾਂ ਨੇ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਸਰਕਾਰ ਦੇ ਆਦੇਸ਼ਾਂ ਤੋਂ ਬਗੈ਼ਰ ਅਜਿਹੀਆਂ ਹਦਾਇਤ ਨਹੀਂ ਦਿੱਤੀਆਂ ਜਾ ਸਕਦੀਆਂ। ਪ੍ਰੇਮ ਸਿੰਘ ਚੰਦੂਮਾਜਰਾ, ਐੱਨ ਕੇ ਸ਼ਰਮਾ, ਸਰਬਜੀਤ ਝਿੰਜਰ, ਮਦਨ ਲਾਲ ਜਲਾਲਪੁਰ, ਹਰਦਿਆਲ ਕੰਬੋਜ, ਹਰਿੰਦਰਪਾਲ ਚੰਦੂਮਾਜਰਾ, ਪਰਨੀਤ ਕੌਰ ਤੇ ਹਰਵਿੰਦਰ ਹਰਪਾਲਪੁਰ ਨੇ ਕਿਹਾ ਕਿ ਇਸ ਨਾਲ ਸਰਕਾਰ ਦੀ ਮਨਸ਼ਾ ਜੱਗ ਜ਼ਾਹਿਰ ਹੋ ਗਈ ਹੈ।

