ਵਿਸ਼ੇਸ਼ ਇਜਲਾਸ: ਪੰਜਾਬ ’ਚ ਫ਼ਿਲਹਾਲ ਹੜ੍ਹਾਂ ਦਾ ਖ਼ਤਰਾ ਨਹੀਂ: ਗੋਇਲ
ਚਰਨਜੀਤ ਭੁੱਲਰ
ਚੰਡੀਗੜ੍ਹ, 14 ਜੁਲਾਈ
ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ‘ਧਿਆਨ ਦਿਵਾਊ ਮਤੇ’ ਵਿੱਚ ਉਠਾਏ ਮੁੱਦੇ ਦੇ ਜੁਆਬ ’ਚ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਪੰਜਾਬ ’ਚ ਫ਼ਿਲਹਾਲ ਹੜ੍ਹਾਂ ਤੋਂ ਖ਼ਤਰਾ ਨਹੀਂ ਹੈ। ਉਨ੍ਹਾਂ ਕਿਹਾ ਕਿ ਜਲ ਭੰਡਾਰਾਂ ’ਚ ਪਾਣੀ ਦਾ ਪੱਧਰ ਸਥਿਰ ਹੈ ਅਤੇ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਪੁਖ਼ਤਾ ਪ੍ਰਬੰਧ ਵੀ ਕੀਤੇ ਹੋਏ ਹਨ। ਸਦਨ ’ਚ ਹੜ੍ਹਾਂ ਦੇ ਮਾਮਲੇ ’ਤੇ ਬਹਿਸ ਹੋਈ। ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਜਲ ਭੰਡਾਰਾਂ ਵਿੱਚ ਪਾਣੀ ਦਾ ਪੱਧਰ ਵਧਣ ਕਰਕੇ ਹੜ੍ਹਾਂ ਦੇ ਖ਼ਤਰੇ ਵੱਲ ਧਿਆਨ ਦਿਵਾਇਆ। ਜਲ ਸਰੋਤ ਮੰਤਰੀ ਗੋਇਲ ਨੇ ਦੱਸਿਆ ਕਿ ਪ੍ਰਮੁੱਖ ਜਲ ਭੰਡਾਰਾਂ ਵਿੱਚ ਪਾਣੀ ਦਾ ਪੱਧਰ ਸੁਰੱਖਿਅਤ ਸੀਮਾਵਾਂ ਤੱਕ ਹੈ। ਉਨ੍ਹਾਂ ਵੇਰਵੇ ਸਾਂਝੇ ਕੀਤੇ ਕਿ ਭਾਖੜਾ ਡੈਮ ਵਿੱਚ ਮੌਜੂਦਾ ਪੱਧਰ 1590.48 ਫੁੱਟ ਹੈ ਅਤੇ 2023 ਦੇ ਹੜ੍ਹਾਂ ਦੌਰਾਨ ਮੌਜੂਦਾ ਸਮੇਂ ਪੱਧਰ 1614.89 ਫੁੱਟ ਸੀ। ਇਵੇਂ ਹੀ ਪੌਂਗ ਡੈਮ ਵਿੱਚ ਮੌਜੂਦਾ ਪੱਧਰ 1325.48 ਫੁੱਟ ਹੈ ਜੋ 2023 ਦੇ ਹੜ੍ਹਾਂ ਦੌਰਾਨ ਇਸ ਸਮੇਂ ਤੱਕ 1350.63 ਫੁੱਟ ਪੱਧਰ ਸੀ। ਇਸੇ ਤਰ੍ਹਾਂ ਰਣਜੀਤ ਸਾਗਰ ਡੈਮ ਵਿੱਚ ਮੌਜੂਦਾ ਪੱਧਰ 505.41 ਮੀਟਰ ਹੈ, ਜੋ 2023 ਦੇ ਹੜ੍ਹਾਂ ਮੌਕੇ ਇਸ ਸਮੇਂ ਤੱਕ 520.2 ਮੀਟਰ ਸੀ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਹੜ੍ਹਾਂ ਦੀ ਰੋਕਥਾਮ ਲਈ 204.5 ਕਰੋੜ ਰੁਪਏ ਦੇ ਫ਼ੰਡ ਅਲਾਟ ਕੀਤੇ ਹਨ। ਐੱਸ.ਡੀ.ਐੱਮ.ਐੱਫ਼, ਮਨਰੇਗਾ ਅਤੇ ਵਿਭਾਗੀ ਫੰਡਾ ਦੀ ਵਰਤੋਂ ਨਾਲ 599 ਪ੍ਰਾਜੈਕਟ ਸ਼ੁਰੂ ਕੀਤੇ ਗਏ ਹਨ। ਮੰਤਰੀ ਨੇ ਦੱਸਿਆ ਕਿ ਵਿਭਾਗੀ ਮਸ਼ੀਨਰੀ ਦੀ ਵਰਤੋਂ ਕਰਕੇ 8500 ਕਿੱਲੋਮੀਟਰ ’ਚੋਂ 4766 ਕਿੱਲੋਮੀਟਰ ਤੋਂ ਵੱਧ ਨਾਲਿਆਂ, ਨਦੀਆਂ ਅਤੇ ਚੋਆਂ ਦੀ ਗਾਰ ਸਾਫ਼ ਕੀਤੀ ਗਈ ਹੈ। ਸਟੇਟ ਡਿਜ਼ਾਸਟਰ ਮਿਟੀਗੇਸ਼ਨ ਫੰਡ ਅਧੀਨ ਬੰਨ੍ਹਾਂ ਦੀ ਮਜ਼ਬੂਤੀ ਲਈ ਪ੍ਰਾਜੈਕਟ ਲਏ ਗਏ ਹਨ। ਜ਼ਿਲ੍ਹਿਆਂ ਵਿੱਚ 8.76 ਲੱਖ ਈ.ਸੀ. ਬੈਗ (ਬੋਰੀਆਂ) ਖਰੀ ਦੇ ਗਏ ਹਨ ਅਤੇ 2.42 ਲੱਖ ਬੋਰੀਆਂ ਭਰਾ ਕੇ ਰੱਖੀਆਂ ਗਈਆਂ ਹਨ। ਮੰਤਰੀ ਨੇ ਦੱਸਿਆ ਕਿ ਮਿੱਟੀ ਦੀ ਸਥਿਰਤਾ ਵਧਾਉਣ ਲਈ 53,400 ਬਾਂਸ ਦੇ ਬੂਟੇ ਲਗਾਉਣ ਦੇ ਨਾਲ-ਨਾਲ 1044 ਚੈੱਕ ਡੈਮ, 3957 ਸੋਕ ਪਿਟ ਅਤੇ 294 ਕਿੱਲੋਮੀਟਰ ਲੰਬੇ ਵੈਟੀਵਰ ਘਾਹ ਦੇ ਬੂਟੇ ਪੂਰੇ ਕੀਤੇ ਗਏ ਹਨ। ਸੂਬੇ ਵਿੱਚ ਕੰਟਰੋਲ ਰੂਮ ਸਰਗਰਮ ਹਨ, ਐਮਰਜੈਂਸੀ ਰਿਸਪਾਂਸ ਟੀਮਾਂ ਤਿਆਰ ਹਨ ਅਤੇ ਸੰਵੇਦਨਸ਼ੀਲ ਖੇਤਰਾਂ ਵਿੱਚ ਦਰਿਆਵਾਂ ਤੇ ਨਾਲਿਆਂ ਦੀ ਅਸਲ-ਸਮੇਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਸਦਨ ’ਚ ਕਿਹਾ ਕਿ ਬਿਆਸ ਦਰਿਆ ਕਈ ਥਾਵਾਂ ਤੋਂ ਕਮਜ਼ੋਰ ਹੈ ਜੋ ਹੜ੍ਹਾਂ ਮੌਕੇ ਟੁੱਟ ਜਾਂਦਾ ਹੈ। ਇਸ ਨੂੰ ਮਜ਼ਬੂਤੀ ਕਰਨ ਦੀ ਲੋੜ ਹੈ ਅਤੇ ਇਸੇ ਤਰ੍ਹਾਂ ਗੋਇੰਦਵਾਲ ਪੁਲ ਲਾਗੇ ਡੀਸਿਲਟਿੰਗ ਕਰਨ ਦੀ ਲੋੜ ਹੈ। ਵਿਧਾਇਕ ਨੇ ਬੰਨ੍ਹਾਂ ਕੋਲ ਗੈਰ ਕਾਨੂੰਨੀ ਮਾਈਨਿੰਗ ਹੋਣ ਦੀ ਗੱਲ ਵੀ ਰੱਖੀ। ਜੁਆਬ ਵਿੱਚ ਜਲ ਸਰੋਤ ਮੰਤਰੀ ਨੇ ਕਿਹਾ ਕਿ ਜੋ ਬੰਨ੍ਹ ਲੋਕਾਂ ਨੇ ਉਸਾਰੇ ਹਨ, ਉਨ੍ਹਾਂ ਨੂੰ ਮਜ਼ਬੂਤ ਕੀਤੇ ਜਾਣ ਨਵੀਆਂ ਮੁਸ਼ਕਲਾਂ ਖੜ੍ਹੀਆਂ ਹੋ ਜਾਣੀਆਂ ਹਨ।
ਸਦਨ ’ਚ ਵਿਧਾਇਕ ਗੁਰਲਾਲ ਸਿੰਘ ਘਨੌਰ ਨੇ ਮਸ਼ਵਰਾ ਦਿੱਤਾ ਕਿ ਘੱਗਰ ਦੇ ਆਸ ਪਾਸ ਪੰਚਾਇਤੀ ਜ਼ਮੀਨਾਂ ’ਤੇ ਡੈਮ ਬਣਾਏ ਜਾਣ ਜਿੱਥੇ ਪਾਣੀ ਨੂੰ ਭੰਡਾਰ ਕੀਤਾ ਜਾ ਸਕੇ। ਉਨ੍ਹਾਂ ਘੱਗਰ ਦੀ ਡੀਸਿਲਟਿੰਗ ਕਰਾਏ ਜਾਣ ਦੀ ਮੰਗ ਵੀ ਰੱਖੀ। ਡੇਰਾਬੱਸੀ ਤੋਂ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਕਿਸਾਨਾਂ ਨੂੰ ਘੱਗਰ ’ਚੋਂ ਰੇਤਾ ਚੁੱਕਣ ਦੀ ਆਗਿਆ ਦਿੱਤੀ ਜਾਵੇ।
ਗਿਆਸਪੁਰਾ ਵੱਲੋਂ ਬਾਜਵਾ ਦੀ ਘੇਰਾਬੰਦੀ
ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਅੱਜ ਸਦਨ ’ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਨਿਸ਼ਾਨੇ ’ਤੇ ਲਿਆ। ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰੇ ਨਾਲ 12 ਵੱਜਣ ਦੀ ਗੱਲ ਬਹਾਦਰੀ ਦੇ ਪ੍ਰਤੀਕ ਵਜੋਂ ਜੁੜੀ ਹੈ ਪ੍ਰੰਤੂ ਲੰਘੇ ਦਿਨੀਂ ਸਦਨ ਵਿੱਚ ਬਾਜਵਾ ਨੇ 12 ਵੱਜਣ ਦੀ ਗੱਲ ਆਖ ਕੇ ਘਟੀਆ ਮਾਨਸਿਕਤਾ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਧੀਆਂ ਭੈਣਾਂ ਦੀਆਂ ਇੱਜ਼ਤ ਨੂੰ ਬਚਾਉਣ ਵਾਲੇ ਸਿੱਖਾਂ ਨੂੰ ਮਜ਼ਾਕ ਨਾ ਕੀਤਾ ਜਾਵੇ।