ਵਿਸ਼ੇਸ਼ ਇਜਲਾਸ: ਸਦਨ ’ਚ ਟਕਰਾਅ, ਤਲਖ਼ੀ ਅਤੇ ਹੰਗਾਮਾ
ਚਰਨਜੀਤ ਭੁੱਲਰ
ਚੰਡੀਗੜ੍ਹ, 11 ਜੁਲਾਈ
ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਦੂਜੇ ਦਿਨ ਅੱਜ ਡੈਮਾਂ ’ਤੇ ਕੇਂਦਰੀ ਸੁਰੱਖਿਆ ਬਲਾਂ ਦੀ ਤਾਇਨਾਤੀ ਖ਼ਿਲਾਫ਼ ਮਤੇ ਉੱਤੇ ਬਹਿਸ ਦੌਰਾਨ ਪੂਰਾ ਸਮਾਂ ਮਾਹੌਲ ਤਲਖ਼ ਰਿਹਾ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਹਾਕਮ ਧਿਰ ਨੇ ਘੇਰੀ ਰੱਖਿਆ। ਸ੍ਰੀ ਬਾਜਵਾ ਨੇ ਵੀ ਸਿਆਸੀ ਟੱਕਰ ਦੇਣ ਦੀ ਪੂਰੀ ਵਾਹ ਲਾਈ। ਸਦਨ ’ਚ ਪਹਿਲੀ ਤਲਖ਼ੀ ਉਦੋਂ ਹੋਈ ਜਦੋਂ ਵਿਰੋਧੀ ਧਿਰ ਦੇ ਸ੍ਰੀ ਬਾਜਵਾ ਨੇ ਟਿੱਪਣੀ ਕਰ ਦਿੱਤੀ ਕਿ ਹਾਕਮ ਧਿਰ ਅਸੈਂਬਲੀ ਨੂੰ ਸਟੇਜ ਦੀ ਤਰ੍ਹਾਂ ਵਰਤ ਕੇ ਡਰਾਮਾ ਕਰ ਰਹੀ ਹੈ। ਜੁਆਬੀ ਹਮਲੇ ਵਿੱਚ ਮੰਤਰੀ ਅਮਨ ਅਰੋੜਾ ਨੇ ਇਤਰਾਜ਼ ਕੀਤਾ ਅਤੇ ਮੰਗ ਕੀਤੀ ਕਿ ਬਾਜਵਾ ਖ਼ਿਲਾਫ਼ ਨਿੰਦਾ ਮਤਾ ਲਿਆਂਦਾ ਜਾਵੇ।
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੀ ਵਾਰ-ਵਾਰ ਬਾਜਵਾ ਨੂੰ ਯੂ-ਟਰਨ ਆਖ ਕੇ ਹੱਲਾ ਬੋਲਿਆ। ਬਾਜਵਾ ਨੇ ‘ਆਪ’ ਸਰਕਾਰ ਵੱਲ ਇਸ਼ਾਰਾ ਕਰਦਿਆਂ ਸੁਆਲ ਉਠਾਇਆ ਕਿ ਬੀਐੱਸਐੱਫ ਨੂੰ ਕੌਮਾਂਤਰੀ ਸੀਮਾ ਤੋਂ 50 ਕਿਲੋਮੀਟਰ ਅੰਦਰ ਦਾ ਅਧਿਕਾਰ ਕਿਸ ਨੇ ਦਿੱਤਾ। ਸ੍ਰੀ ਚੀਮਾ ਨੇ ਕਿਹਾ ਕਿ ਇਹ ਅਧਿਕਾਰ ਅਮਰਿੰਦਰ ਸਰਕਾਰ ਨੇ ਦਿੱਤੇ ਸਨ। ਦੂਜਾ ਮੌਕਾ ਆਇਆ ਕਿ ਜਦੋਂ ਅਮਨ ਅਰੋੜਾ ਨੇ ਪਿਛਲੀਆਂ ਕਾਂਗਰਸੀ ਸਰਕਾਰਾਂ ਦੀ ਪਾਣੀਆਂ ਦੇ ਮਾਮਲੇ ’ਤੇ ਭੂਮਿਕਾ ’ਤੇ ਉਂਗਲ ਉਠਾਉਂਦਿਆਂ ਇੱਕ ਕਹਾਵਤ ਦਾ ਹਵਾਲਾ ਦੇ ਦਿੱਤਾ। ਸ੍ਰੀ ਬਾਜਵਾ ਨੇ ਕਹਾਵਤ ਨੂੰ ਧਾਰਮਿਕ ਨਜ਼ਰੀਏ ਤੋਂ ਪੇਸ਼ ਕਰਦਿਆਂ ਹੰਗਾਮਾ ਕਰ ਦਿੱਤਾ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮਾਮਲੇ ’ਚ ਬਾਜਵਾ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਪੀਪੀਐੱਸ ’ਚ ਪੜ੍ਹਨ ਵਾਲਿਆਂ ਨੂੰ ਕਹਾਵਤਾਂ ਦਾ ਕੀ ਪਤਾ ਹੈ। ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵੀ ਕਿਹਾ ਕਿ ਇਹ ਤਾਂ ਪ੍ਰਚੱਲਿਤ ਕਹਾਵਤਾਂ ਹਨ।
ਸਦਨ ’ਚ ਤੀਜੀ ਵਾਰ ਜਦੋਂ ਮੁੱਖ ਮੰਤਰੀ ਨੇ ਬਾਜਵਾ ਨੂੰ ਬਹਿਸ ’ਚ ਵਿਘਨ ਪਾਉਣ ਦੇ ਹਵਾਲੇ ਨਾਲ ਘੜੀ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ 12 ਵਜੇ ਚੁੱਕੇ ਹਨ, ਬਹਿਸ ਨੂੰ ਚੱਲਣ ਦਿਓ ਤਾਂ ਬਾਜਵਾ ਨੇ ਮੋੜਵੇਂ ਰੂਪ ਵਿੱਚ ਅਸਿੱਧਾ ਇਸ਼ਾਰਾ ਕੀਤਾ ਕਿ ‘ਤੁਹਾਡੇ 12 ਵੱਜ ਗਏ ਹਨ।’ ਹਾਕਮ ਧਿਰ ਨੇ ਇਸ ਟਿੱਪਣੀ ’ਤੇ ਹੰਗਾਮਾ ਕਰ ਦਿੱਤਾ। ਹਾਕਮ ਧਿਰ ਨੇ ਪਾਣੀਆਂ ਦੇ ਮੁੱਦੇ ’ਤੇ ਕੇਂਦਰ ਸਰਕਾਰ ਤੇ ਕਾਂਗਰਸ ਨੂੰ ਘੇਰੀ ਰੱਖਿਆ। ਅੱਜ ਸਦਨ ’ਚ ਸਮੁੱਚੀ ਕਾਰਵਾਈ ਦੌਰਾਨ ਪੇਸ਼ ਹੋਏ ਬਿੱਲਾਂ ਨੂੰ ਕਾਂਗਰਸ ਨੇ ਸਹਿਮਤੀ ਦਿੱਤੀ।
ਅਮਨ ਕਾਨੂੰਨ ਦੇ ਮੁੱਦੇ ’ਤੇ ਵਾਕਆਊਟ
ਸਦਨ ਸ਼ੁਰੂ ਹੁੰਦਿਆਂ ਹੀ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪਹਿਲੀ ਮੰਗ ਉਠਾਈ ਕਿ ਸਦਨ ਵਿੱਚ ਸਿਫ਼ਰ ਕਾਲ ਕਿਉਂ ਨਹੀਂ। ਇਸ ਮੁੱਦੇ ਨੂੰ ਲੈ ਕੇ ਕਾਂਗਰਸੀ ਵਿਧਾਇਕਾਂ ਨੇ ਰੌਲਾ-ਰੱਪਾ ਪਾਇਆ ਤਾਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਵਿਸ਼ੇਸ਼ ਸੈਸ਼ਨ ’ਚ ਸਿਫ਼ਰ ਕਾਲ ਦੀ ਵਿਵਸਥਾ ਨਹੀਂ ਹੁੰਦੀ। ਵਿਰੋਧੀ ਧਿਰ ਨੇ ਨਾਅਰੇਬਾਜ਼ੀ ਵੀ ਕੀਤੀ। ਉਸ ਮਗਰੋਂ ਜਿਉਂ ਹੀ ਵਿਰੋਧੀ ਧਿਰ ਨੇ ਵਿਗੜ ਰਹੀ ਅਮਨ ਕਾਨੂੰਨ ਦੀ ਵਿਵਸਥਾ ’ਤੇ ਬਹਿਸ ਦੀ ਮੰਗ ਕੀਤੀ ਤਾਂ ਹਰਪਾਲ ਸਿੰਘ ਚੀਮਾ ਨੇ ਵਿਰੋਧੀ ਧਿਰ ਨੂੰ ਨਿਸ਼ਾਨੇ ’ਤੇ ਲਿਆ। ਇਸ ਮੌਕੇ ਚੀਮਾ ਤੇ ਬਾਜਵਾ ’ਚ ਬਹਿਸ ਹੋਈ। ਅਖੀਰ ਕਾਂਗਰਸ ਨੇ ਸਦਨ ’ਚੋਂ ਵਾਕਆਊਟ ਕਰ ਦਿੱਤਾ।
ਪੰਜਾਬ ’ਚ ਬੈਲ ਗੱਡੀਆਂ ਦੀਆਂ ਦੌੜਾਂ ਬਾਰੇ ਬਿੱਲ ਪਾਸ
ਚੰਡੀਗੜ੍ਹ (ਟਨਸ): ਪੰਜਾਬ ਵਿਧਾਨ ਸਭਾ ’ਚ ਅੱਜ ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਪੇਸ਼ ਕੀਤਾ ‘ਪਸ਼ੂਆਂ ਪ੍ਰਤੀ ਬੇਰਹਿਮੀ ਦੀ ਰੋਕਥਾਮ (ਪੰਜਾਬ ਸੋਧ) ਬਿੱਲ 2025’ ਪਾਸ ਹੋ ਗਿਆ। ਇਸ ਤੋਂ ਪਹਿਲਾਂ ਬਹਿਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਾਨਵਰਾਂ ਦੀ ਸੁਰੱਖਿਆ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਇਸ ਬਿੱਲ ਦਾ ਉਦੇਸ਼ ਪੇਂਡੂ ਖੇਡਾਂ ਖ਼ਾਸ ਕਰਕੇ ਬੈਲਗੱਡੀਆਂ ਦੀ ਦੌੜ ਨੂੰ ਉਤਸ਼ਾਹਿਤ ਕਰਨਾ ਹੈ। ਬਿੱਲ ਪਾਸ ਹੋਣ ਮਗਰੋਂ ਸਦਨ ਤੋਂ ਬਾਹਰ ਬੈਲ ਗੱਡੀਆਂ ’ਤੇ ਰਵਾਇਤੀ ਪਹਿਰਾਵੇ ਵਿੱਚ ਆਏ ਲੋਕਾਂ ਨਾਲ ਵੀ ਮੁੱਖ ਮੰਤਰੀ ਅਤੇ ਖੇਤੀ ਮੰਤਰੀ ਨੇ ਮੁਲਾਕਾਤ ਕੀਤੀ। ਵਿਧਾਇਕ ਕਰਮਬੀਰ ਸਿੰਘ ਘੁੰਮਣ ਵੱਲੋਂ ਪੇਸ਼ ਧਿਆਨ ਦਿਵਾਊ ਮਤੇ ਦੇ ਜਵਾਬ ’ਚ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਦੱਸਿਆ ਕਿ ਤਲਵਾੜਾ ਬੱਸ ਅੱਡੇ ਦੀ ਨੁਹਾਰ ਬਦਲੀ ਜਾਵੇਗੀ। ਜਦੋਂ ਤੱਕ ਬੱਸ ਸਟੈਂਡ ਦੀ ਨਵੀਂ ਬਿਲਡਿੰਗ ਦੀ ਉਸਾਰੀ ਨਹੀਂ ਹੁੰਦੀ, ਉਸ ਸਮੇਂ ਤੱਕ ਇਸ ਨੂੰ ਚੱਲਦਾ ਰੱਖਣ ਲਈ ਉਪਰਾਲੇ ਕੀਤੇ ਜਾਣਗੇ।
ਇਜਲਾਸ ਵਿਸ਼ੇਸ਼, ਝਲਕੀਆਂ ਖਾਸ
ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਅੱਜ ਬਿਨਾਂ ਮੰਗੇ ਸਪੀਕਰ ਨੇ ਬੋਲਣ ਦਾ ਸਮਾਂ ਦੇ ਦਿੱਤਾ। ਇਸ ’ਤੇ ਖਹਿਰਾ ਨੇ ਹੈਰਾਨੀ ਜ਼ਾਹਰ ਕਰਦਿਆਂ ਸਪੀਕਰ ਵੱਲ ਦੇਖ ਕੇ ਬੋਲੇ ‘ਏਨੀ ਮਿਹਰਬਾਨੀ ਕਿਵੇਂ’ ? ਸੰਧਵਾਂ ਨੇ ਕਿਹਾ,‘ਕਾਇਦੇ ’ਚ ਰਹਿ ਕੇ ਬੋਲਿਆ ਕਰੋ।’ ਖਹਿਰਾ ਨੇ ਜਿਉਂ ਹੀ ਫ਼ਰਜ਼ੀ ਪੁਲੀਸ ਮੁਕਾਬਲੇ ’ਤੇ ਬੋਲਣਾ ਸ਼ੁਰੂ ਕੀਤਾ ਤਾਂ ਸਪੀਕਰ ਨੇ ਫ਼ੌਰੀ ਬਿਠਾ ਦਿੱਤਾ।
..ਪ੍ਰਤਾਪ ਸਿੰਘ ਬਾਜਵਾ ਨੂੰ ਵਾਰ ਵਾਰ ਸੀਟ ਤੋਂ ਖੜ੍ਹਾ ਹੋਣਾ ਪਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਬਾਜਵਾ ਵੱਲ ਇਸ਼ਾਰਾ ਕਰਦਿਆਂ ਕਿਹਾ, ‘ਪਤਾ ਨੀ ਸੀਟ ’ਤੇ ਕਿਹੜਾ ਸਪਰਿੰਗ ਲੱਗਿਐ, ਵਾਰ ਵਾਰ ਉੱਠ ਖੜ੍ਹਦੇ ਹੋ।’ ਅਮਨ ਅਰੋੜਾ ਨੇ ਇੱਥੋਂ ਤੱਕ ਆਖ ਦਿੱਤਾ, ‘ਇਨ੍ਹਾਂ ਦੀ ਸੀਟ ਹੇਠਾਂ ਫੈਵੀਕੋਲ ਲਾਓ, ਡੱਬਾ ਮੈਂ ਲਿਆ ਲਾ ਦਿੰਦਾ ਹਾਂ।’
.. ਜਦੋਂ ਬਾਜਵਾ ਵਾਰ ਵਾਰ ਬਹਿਸ ਦੌਰਾਨ ਟੋਕਣ ਤੋਂ ਨਾ ਹਟੇ ਤਾਂ ਮੁੱਖ ਮੰਤਰੀ ਨੇ ਕਿਹਾ, ‘ਬਾਜਵਾ ਅਖ਼ਬਾਰਾਂ ’ਚ ਡੱਬੀ ਲਵਾਉਣ ਖ਼ਾਤਰ ਅਜਿਹਾ ਕਰਦੇ ਨੇ।’ ਭਗਵੰਤ ਮਾਨ ਨੇ ਕਿਹਾ, ‘ਤੁਸੀਂ ਵਾਕਆਊਟ ਵਾਲੀ ਡੱਬੀ ਬਣਾ ਤਾਂ ਲਈ।’
.. ਜਦ ਅਮਨ ਅਰੋੜਾ ਨੇ ਬਾਜਵਾ ਨੂੰ ਮੁਖ਼ਾਤਬ ਹੁੰਦਿਆਂ ਕਿਹਾ ਕਿ ਹਿਮਾਚਲ ਸਰਕਾਰ ਪਾਣੀਆਂ ਦੇ ਮਾਮਲੇ ’ਤੇ ਪੰਜਾਬ ਖ਼ਿਲਾਫ਼ ਹੈ। ਕੀ ਤੁਸੀਂ ਹਿਮਾਚਲ ਦੇ ਮੁੱਖ ਮੰਤਰੀ ਦੇ ਘਰ ਅੱਗੇ ਬੈਠੋਗੇ ਤਾਂ ਬਾਜਵਾ ਨੇ ਫ਼ੌਰੀ ਪੇਸ਼ਕਸ਼ ਕੀਤੀ,‘ਮੈਂ ਚੱਲਣ ਨੂੰ ਤਿਆਰ ਹਾਂ, ਲੰਚ ਤੋਂ ਬਾਅਦ ਥੋਨੂੰ ਗੱਡੀ ’ਚ ਬਿਠਾ ਕੇ ਲੈ ਜਾਊ।’
.. ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅੱਜ ਸਦਨ ਵਿੱਚ ’ਕੱਲੇ ਹੀ ਹਾਕਮ ਧਿਰ ਨਾਲ ਬਹਿਸੇ। ਉਨ੍ਹਾਂ ਨੇ ਇਕੱਲੇ ਹੀ ਹਾਕਮ ਧਿਰ ਨੂੰ ਵਾਰ ਵਾਰ ਘੇਰਿਆ ਪ੍ਰੰਤੂ ਉਨ੍ਹਾਂ ਨੂੰ ਕਾਂਗਰਸੀ ਵਿਧਾਇਕਾਂ ਦੇ ਸਾਥ ਦੀ ਕਮੀ ਰੜਕੀ।
.. ਸ਼੍ਰੋਮਣੀ ਅਕਾਲੀ ਦਲ ਦੀ ਵਿਧਾਇਕਾ ਗਨੀਵ ਕੌਰ ਮਜੀਠੀਆ ਅੱਜ ਗ਼ੈਰਹਾਜ਼ਰ ਰਹੇ। ਇਸੇ ਤਰ੍ਹਾਂ ਭਾਜਪਾ ਦੇ ਵਿਧਾਇਕ ਅਸ਼ਵਨੀ ਸ਼ਰਮਾ ਵੀ ਨਜ਼ਰ ਨਹੀਂ ਆਏ।
.. ਮੁੱਖ ਮੰਤਰੀ ਨੇ ਰਾਣਾ ਗੁਰਜੀਤ ਸਿੰਘ ਨੂੰ ਮੌਕਾ ਦਿੱਤਾ ਤਾਂ ਜੋ ਉਹ ਮਾਹੌਲ ਠੀਕ ਕਰਾਉਣ ਦੀ ਕੋਸ਼ਿਸ਼ ਕਰਨ। ਮੁੱਖ ਮੰਤਰੀ ਨੇ ਰਾਣਾ ਗੁਰਜੀਤ ਸਿੰਘ ਨੂੰ ਮੁਖ਼ਾਤਬ ਹੁੰਦਿਆਂ ਕਿਹਾ,‘ਹੁਣ ਬਾਪੂ ਨੂੰ ਕੌਣ ਚੁੱਪ ਕਰਾਊ, ਥੋਨੂੰ ਉਠਾਇਆ ਤਾਂ ਕਾਂਗਰਸ ਨੂੰ ਚੁੱਪ ਕਰਾਉਣ ਵਾਸਤੇ।’
.. ਹਰਪਾਲ ਸਿੰਘ ਚੀਮਾ ਨੇ ਵਿਰੋਧੀ ਧਿਰ ਨੂੰ ਕਿਹਾ, ‘ਹੁਣ ਸੈਸ਼ਨ ਦੋ ਦਿਨ ਹੋਰ ਵਧਾ ਦਿੱਤਾ ਹੈ, ਭੱਜਣ ਦਾ ਮੌਕਾ ਨਹੀਂ ਦਿਆਂਗੇ।’ ਵਿਰੋਧੀ ਧਿਰ ਨੇ ਇੱਕ ਵਾਰ ਵਾਕਆਊਟ ਕਰਨ ਮਗਰੋਂ ਮੁੜ ਵਾਕਆਊਟ ਕਰਨ ਤੋਂ ਗੁਰੇਜ਼ ਕੀਤਾ।
..ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਬਹਿਸ ’ਚ ਬੋਲਦਿਆਂ ਜਦੋਂ ਕਿਸੇ ਮੁੱਦੇ ’ਤੇ ਉਦਯੋਗ ਮੰਤਰੀ ਸੰਜੀਵ ਅਰੋੜਾ ਦਾ ਧਿਆਨ ਦਿਵਾਉਣਾ ਚਾਹਿਆ ਤਾਂ ਅਰੋੜਾ ਆਪਣੇ ਫ਼ੋਨ ’ਤੇ ਰੁੱਝੇ ਹੋਏ ਸਨ। ਜਦੋਂ ਕੁਝ ਪਲਾਂ ਮਗਰੋਂ ਚੇਤੇ ਆਇਆ ਤਾਂ ਉਨ੍ਹਾਂ ਫ਼ੋਨ ਛੱਡਿਆ।