ਹਵਾਈ ਅੱਡੇ ’ਤੇ ਤਾਇਨਾਤ ਸਿਪਾਹੀ ਨੇ ਖ਼ੁਦਕੁਸ਼ੀ ਕੀਤੀ
ਪੈਂਟ ਦੀ ਜੇਬ੍ਹ ’ਚੋਂ ਮਿਲਿਆ ਖੁਦਕੁਸ਼ੀ ਨੋਟ; ਮ੍ਰਿਤਕ ਦੀ ਪਤਨੀ ਤੇ ਸੱਸ ਖ਼ਿਲਾਫ਼ ਕੇਸ ਦਰਜ
ਕੌਮਾਂਤਰੀ ਹਵਾਈ ਅੱਡਾ ਹਲਵਾਰਾ ਦੀ ਸੁਰੱਖਿਆ ਲਈ ਤਾਇਨਾਤ ਦਸਤੇ ਦੇ ਸਿਪਾਹੀ ਬਲਜੀਤ ਸਿੰਘ ਉਰਫ਼ ਬੰਬ ਦੀ ਮੌਤ ਬਾਰੇ ਨਵਾਂ ਖ਼ੁਲਾਸਾ ਸਾਹਮਣੇ ਆਇਆ ਹੈ। ਉਸ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਨਹੀਂ, ਸਗੋਂ ਡਿਊਟੀ ਸਮੇਂ ਹੀ ਆਤਮਹੱਤਿਆ ਦਾ ਨਤੀਜਾ ਹੈ। ਇਸ ਤੋਂ ਪਹਿਲਾਂ ਸੁਰੱਖਿਆ ਦਸਤੇ ਦੇ ਇੰਚਾਰਜ ਥਾਣੇਦਾਰ ਪ੍ਰੇਮ ਸਿੰਘ ਨੇ ਦੱਸਿਆ ਸੀ ਕਿ ਹਵਾਈ ਅੱਡੇ ਦੇ ਪ੍ਰਵੇਸ਼ ਗੇਟ ਉਪਰ ਡਿਊਟੀ ਸਮੇਂ ਚੱਕਰ ਆ ਕੇ ਡਿੱਗਣ ਕਾਰਨ ਮੌਤ ਹੋਈ ਹੈ ਪਰ ਬਾਅਦ ਵਿੱਚ ਉਸ ਦੀ ਪੈਂਟ ਦੀ ਜੇਬ ਵਿੱਚੋਂ ਹੱਥ ਲਿਖਤ ਨੋਟ ਮਿਲਣ ਬਾਅਦ ਮਾਮਲੇ ਵਿੱਚ ਨਵਾਂ ਮੋੜ ਆ ਗਿਆ। ਮ੍ਰਿਤਕ ਬਲਜੀਤ ਸਿੰਘ ਦਾ ਹੱਥ ਲਿਖਤ ਨੋਟ ਮਿਲਣ ਬਾਅਦ ਪਰਿਵਾਰਕ ਮੈਂਬਰਾਂ ਨੇ ਕਾਰਵਾਈ ਕਰਨ ਲਈ ਜ਼ੋਰ ਪਾਇਆ ਤਾਂ ਮਾਤਾ ਚਰਨਜੀਤ ਕੌਰ ਦੇ ਬਿਆਨਾਂ ‘ਤੇ ਸੁਧਾਰ ਪੁਲੀਸ ਨੇ ਹੁਣ ਮ੍ਰਿਤਕ ਦੀ ਪਤਨੀ ਅਤੇ ਸੱਸ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਜਾਂਚ ਆਰੰਭ ਦਿੱਤੀ ਹੈ। ਮ੍ਰਿਤਕ ਬਲਜੀਤ ਸਿੰਘ ਨੇ ਆਪਣੇ ਆਤਮਹੱਤਿਆ ਨੋਟ ਵਿੱਚ ਆਪਣੀ ਪਤਨੀ ਦਲਜੀਤ ਕੌਰ ਅਤੇ ਸੱਸ ਲਖਵਿੰਦਰ ਕੌਰ ਨੂੰ ਆਪਣੀ ਮੌਤ ਲਈ ਜ਼ਿੰਮੇਵਾਰ ਠਹਿਰਾਇਆ ਹੈ। ਥਾਣਾ ਸੁਧਾਰ ਦੇ ਮੁਖੀ ਗੁਰਦੀਪ ਸਿੰਘ ਨੇ ਕੇਸ ਦਰਜ ਕਰਨ ਦੀ ਪੁਸ਼ਟੀ ਕਰਦਿਆਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਟੀਮਾਂ ਭੇਜਣ ਦੀ ਜਾਣਕਾਰੀ ਦਿੱਤੀ ਹੈ। ਸਿਪਾਹੀ ਬਲਜੀਤ ਸਿੰਘ (36) ਜ਼ਿਲ੍ਹਾ ਫ਼ਿਰੋਜ਼ਪੁਰ ਤਹਿਸੀਲ ਜ਼ੀਰਾ ਦੇ ਪਿੰਡ ਬੰਡਾਲਾ ਨੌ ਬੰਬ ਦਾ ਰਹਿਣ ਵਾਲਾ ਸੀ।

