ਗੁਰਦੀਪ ਸਿੰਘ ਲਾਲੀ
ਸਿੱਕਮ ਵਿਚ ਭਾਰਤੀ ਫੌਜ ਵਲੋਂ ਸੜਕ ਬਣਾਉਂਦੇ ਸਮੇਂ ਹਾਦਸੇ ’ਚ ਨੇੜਲੇ ਪਿੰਡ ਨਮੋਲ ਦਾ ਫੌ਼ਜੀ ਸ਼ਹੀਦ ਹੋ ਗਿਆ ਹੈ। ਲਾਂਸ ਨਾਇਕ ਰਿੰਕੂ ਸਿੰਘ 55 ਇੰਜਨੀਅਰ ਰੈਜੀਮੈਂਟ ਯੂਨਿਟ 2016 ਤੋਂ ਸੇਵਾ ਨਿਭਾਅ ਰਿਹਾ ਸੀ। ਸ਼ਹੀਦ ਰਿੰਕੂ ਸਿੰਘ ਦੀ ਦੇਹ ਭਲਕੇ 7 ਅਗਸਤ ਨੂੰ ਪਿੰਡ ਪੁੱਜਣ ਦੀ ਉਮੀਦ ਹੈ। ਰਿੰਕੂ ਸਿੰਘ ਦੇ ਪਰਿਵਾਰ ’ਚ ਪਿੱਛੇ ਮਾਤਾ-ਪਿਤਾ ਅਤੇ ਵੱਡਾ ਭਰਾ ਹੈ। ਪਿੰਡ ਦੇ ਸ੍ਰੀ ਸੁਖਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਫ਼ੌਜ ਤੋਂ ਫੋਨ ਆਇਆ ਹੈ, ਜਿਨ੍ਹਾਂ ਦੱਸਿਆ ਕਿ ਰਿੰਕੂ ਸਿੰਘ ਡਿਊਟੀ ਦੌਰਾਨ ਸ਼ਹੀਦ ਹੋ ਗਿਆ ਹੈ। ਇਹ ਹਾਦਸਾ ਉਦੋਂ ਵਾਪਰਿਆ ਜਦੋਂ ਸਿੱਕਮ ਵਿਚ ਭਾਰਤੀ ਫੌਜ ਵਲੋਂ ਸੜਕ ਬਣਾਉਣ ਸਮੇਂ ਕੰਕਰੀਟ ਮਸ਼ੀਨ ਦਾ ਸਟੀਅਰਿੰਗ ਅਚਾਨਕ ਲਾਕ ਹੋ ਗਿਆ ਅਤੇ ਕੰਟਰੋਲ ਤੋਂ ਬਾਹਰ ਹੋਈ ਮਸ਼ੀਨ ਕਾਰਨ ਵਾਪਰੇ ਹਾਦਸੇ ਵਿਚ ਰਿੰਕੂ ਸਿੰਘ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਰਿੰਕੂ ਸਿੰਘ ਸੰਨ 2016 ਵਿਚ ਭਾਰਤੀ ਫੌਜ ਵਿਚ ਭਰਤੀ ਹੋਇਆ ਸੀ ਅਤੇ 55 ਇੰਜਨੀਅਰ ਰੈਜੀਮੈਂਟ ਯੂਨਿਟ ਵਿਚ ਤਾਇਨਾਤ ਸੀ। ਉਨ੍ਹਾਂ ਦੱਸਿਆ ਕਿ ਰਿੰਕੂ ਸਿੰਘ ਦੇ ਸ਼ਹੀਦ ਹੋਣ ਦੀ ਖ਼ਬਰ ਪੁੱਜਦਿਆਂ ਹੀ ਪਿੰਡ ’ਚ ਸੋਗ ਦੀ ਲਹਿਰ ਦੌੜ ਗਈ। ਸਰਪੰਚ ਨੇ ਦੱਸਿਆ ਕਿ ਗ੍ਰਾਮ ਪੰਚਾਇਤ ਨੇ ਫੈਸਲਾ ਕੀਤਾ ਹੈ ਕਿ ਰਿੰਕੂ ਸਿੰਘ ਦਾ ਅੰਤਿਮ ਸੰਸਕਾਰ ਪਿੰਡ ਨਮੋਲ ਦੇ ਖੇਡ ਸਟੇਡੀਅਮ ਵਿਚ ਕੀਤਾ ਜਾਵੇਗਾ ਜਿਥੇ ਉਸ ਦੀ ਯਾਦਗਾਰ ਸਥਾਪਿਤ ਕੀਤੀ ਜਾਵੇਗੀ। ਪਰਿਵਾਰ ਦੇ ਕਰੀਬੀ ਨੌਜ਼ਵਾਨ ਆਗੂ ਜਗਸੀਰ ਸਿੰਘ ਨਮੋਲ ਨੇ ਦੱਸਿਆ ਕਿ ਰਿੰਕੂ ਸਿੰਘ ਚੰਗਾ ਖਿਡਾਰੀ ਸੀ।
ਫਰੀਜ਼ਰ ਦਾ ਪ੍ਰਬੰਧ ਕਰਨ ਲਈ ਪਰਿਵਾਰ ਨੇ ਝੱਲੀ ਨਮੋਸ਼ੀ
ਪਿੰਡ ਨਮੋਲ ’ਚ ਸ਼ਹੀਦ ਦਾ ਪਰਿਵਾਰ ਦੇਹ ਰੱਖਣ ਲਈ ਫਰੀਜ਼ਰ ਲਈ ਭਟਕਦਾ ਰਿਹਾ। ਪਰਿਵਾਰ ਦੇ ਕਰੀਬੀ ਜਗਸੀਰ ਸਿੰਘ ਨਮੋਲ ਨੇ ਦੱਸਿਆ ਕਿ ਭਲਕੇ 7 ਅਗਸਤ ਨੂੰ ਸ਼ਹੀਦ ਦੀ ਦੇਹ ਦੇਰ ਰਾਤ ਪੁੱਜਣ ਦੀ ਸੰਭਾਵਨਾ ਹੈ ਅਤੇ ਫੌਜ ਦੇ ਅਧਿਕਾਰੀਆਂ ਵਲੋਂ ਫਰੀਜ਼ਰ ਦਾ ਪ੍ਰਬੰਧ ਰੱਖਣ ਲਈ ਆਖਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਉਹ ਅੱਜ ਸਥਾਨਕ ਸਿਵਲ ਹਸਪਤਾਲ ਵਿਖੇ ਇਸ ਸਬੰਧੀ ਐਸਐਮਓ ਨੂੰ ਮਿਲੇ ਪ੍ਰੰਤੂ ਉਨ੍ਹਾਂ ਕਿਹਾ ਕਿ ਸਾਡੇ ਕੋਲ ਛੇ ਫਰੀਜ਼ਰ ਹਨ ਜਿਨ੍ਹਾਂ ’ਚੋਂ ਪੰਜ ਚਲਦੇ ਹਨ ਜਦੋਂ ਕਿ ਇੱਕ ਵਿਹਲਾ ਹੈ। ਜੇਕਰ ਛੇਵਾਂ ਵੀ ਬੁੱਕ ਹੋ ਗਿਆ ਤਾਂ ਤੁਸੀਂ ਕੋਈ ਹੋਰ ਪ੍ਰਬੰਧ ਕਰ ਲੈਣਾ। ਐਸਐਮਓ ਨੇ ਇਹ ਨਹੀਂ ਕਿਹਾ ਕਿ ਅਸੀਂ ਪ੍ਰਬੰਧ ਕਰ ਦਿਆਂਗੇ। ਪਰਿਵਾਰ ਨੇ ਦੋਸ਼ ਲਾਇਆ ਕਿ ਅਧਿਕਾਰੀ ਦਾ ਇੱਕ ਸ਼ਹੀਦ ਪਰਿਵਾਰ ਪ੍ਰਤੀ ਵਿਵਹਾਰ ਵਧੀਆ ਨਹੀਂ ਸੀ ਜਿਸ ਕਾਰਨ ਉਨ੍ਹਾਂ ਨੂੰ ਨਮੋਸ਼ੀ ਹੋਈ ਹੈ। ਉਨ੍ਹਾਂ ਕਿਹਾ ਕਿ ਜੇਕਰ ਇੱਕ ਸ਼ਹੀਦ ਲਈ ਸਰਕਾਰੀ ਹਸਪਤਾਲ ’ਚ ਫਰੀਜ਼ਰ ਨਹੀਂ ਮਿਲ ਸਕਦਾ ਤਾਂ ਹੋਰ ਕੀ ਸਨਮਾਨ ਮਿਲੇਗਾ। ਇਸ ਸਬੰਧ ਵਿਚ ਸਿਵਲ ਹਸਪਤਾਲ ਦੇ ਐਸਐਮਓ ਡਾ. ਵਿਨੋਦ ਕੁਮਾਰ ਦਾ ਕਹਿਣਾ ਹੈ ਕਿ ਪਰਿਵਾਰ ਨੂੰ ਦੱਸਿਆ ਸੀ ਕਿ ਜੇਕਰ ਫਰੀਜ਼ਰ ਵਿਹਲਾ ਹੋਇਆ ਤਾਂ ਜ਼ਰੂਰ ਦਿੱਤਾ ਜਾਵੇਗਾ ਪਰੰਤੂ ਜੇਕਰ ਵਿਹਲਾ ਨਾ ਹੋਇਆ ਤਾਂ ਹਸਪਤਾਲ ਸੁਨਾਮ, ਹਸਪਤਾਲ ਧੂਰੀ ਜਾਂ ਰਾਮਬਾਗ ਵਿਖੇ ਪ੍ਰਬੰਧ ਕੀਤਾ ਜਾਵੇਗਾ।