ਸਮਾਰਟ ਰਾਸ਼ਨ ਕਾਰਡ: ਕਟਾਰੂਚੱਕ ਵੱਲੋਂ ‘ਈਕੇਵਾਈਸੀ’ ਸਬੰਧੀ ਮੀਟਿੰਗ
ਆਤਿਸ਼ ਗੁਪਤਾ
ਪੰਜਾਬ ਵਿੱਚ ਸਮਾਰਟ ਰਾਸ਼ਨ ਕਾਰਡ ਸਕੀਮ ਤਹਿਤ 29 ਲੱਖ ਤੋਂ ਵੱਧ ਲਾਭਪਾਤਰੀਆਂ ਨੂੰ ਮੁਫ਼ਤ ਰਾਸ਼ਨ ਮਿਲਣ ਦੀਆਂ ਮੁਸ਼ਕਿਲਾਂ ਲਗਤਾਰ ਵਧਦੀਆਂ ਜਾ ਰਹੀਆਂ ਹਨ। ਹਾਲੇ ਤੱਕ ਲਾਭਪਾਤਰੀਆਂ ਵੱਲੋਂ ਈ-ਕੇਵਾਈਸੀ ਨਾ ਕਰਵਾਉਣ ਕਰਕੇ ਮੁਫ਼ਤ ਰਾਸ਼ਨ ਮਿਲਣ ’ਚ ਅਟਕਲਾਂ ਆ ਰਹੀਆਂ ਹਨ। ਅੱਜ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲਿਆਂ ਦੇ ਮੰਤਰੀ ਲਾਲ ਚੰਦ ਕਟਾਰੂਚੱਕ ਵੱਲੋਂ ਸਮਾਰਟ ਰਾਸ਼ਨ ਕਾਰਡਾਂ ਦੀ ‘ਈਕੇਵਾਈਸੀ’ ਦੇ ਕਾਰਜ ਦੀ ਸਮੀਖਿਆ ਕੀਤੀ ਗਈ। ਇਸ ਦੌਰਾਨ ਸਾਹਮਣੇ ਆਇਆ ਕਿ ਸੂਬੇ ਵਿੱਚ 1.57 ਕਰੋੜ ਲਾਭਪਾਤਰੀਆਂ ਵਿੱਚੋਂ ਹਾਲੇ ਤੱਕ 1.27 ਕਰੋੜ ਲਾਭਪਾਤਰੀਆਂ ਦੀ ‘ਈਕੇਵਾਈਸੀ’ ਮੁਕੰਮਲ ਹੋਈ ਹੈ। ਜਦੋਂ ਕਿ 29 ਲੱਖ ਲਾਭਪਾਤਰੀਆਂ ਦੀ ‘ਈਕੇਵਾਈਸੀ’ ਹੋਣੀ ਹਾਲੇ ਬਾਕੀ ਹੈ। ਮੰਤਰੀ ਨੇ ‘ਈਕੇਵਾਈਸੀ’ ਵਿੱਚ ਮੋਹਰੀ ਰਹਿਣ ਵਾਲੇ ਮਾਨਸਾ, ਸ੍ਰੀ ਫਤਿਹਗੜ੍ਹ ਸਾਹਿਬ ਤੇ ਪਟਿਆਲਾ ਦੇ ਅਧਿਕਾਰੀਆਂ ਦੀ ਸ਼ਲਾਘਾ ਕੀਤੀ। ਇਸ ਦੇ ਨਾਲ ਹੀ ਸੂਬੇ ਦੇ ਸਾਰੇ ਜ਼ਿਲ੍ਹਿਆਂ ਦੇ ਅਧਿਕਾਰੀਆਂ ਨੂੰ ‘ਈਕੇਵਾਈਸੀ’ ਦਾ ਕੰਮ ਜਲਦ ਮੁਕੰਮਲ ਕਰਨ ਦੇ ਆਦੇਸ਼ ਦਿੱਤੇ ਗਏ ਹਨ। ‘ਈਕੇਵਾਈਸੀ’ ਇੱਕ ਡਿਜੀਟਲ ਵਿਧੀ ਹੈ, ਜੋ ਲਾਭਪਾਤਰੀ ਦੀ ਪਛਾਣ ਦੀ ਪੁਸ਼ਟੀ ਕਰਦੀ ਹੈ।
‘ਝੋਨੇ ਦੇ ਅਗਾਮੀ ਖਰੀਦ ਸੀਜ਼ਨ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ’
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਝੋਨੇ ਦੇ ਅਗਾਮੀ ਖਰੀਦ ਸੀਜ਼ਨ ਦੇ ਪ੍ਰਬੰਧਾਂ ਦਾ ਵੀ ਜਾਇਜ਼ਾ ਲਿਆ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਖਰੀਦ ਸੀਜ਼ਨ ਦੌਰਾਨ ਲੋੜੀਂਦੀ ਤਰਪਾਲਾਂ ਦੀ ਖਰੀਦ ਲਈ ਨੋਡਲ ਏਜੰਸੀ ਹੈ, ਜਿਸ ਵੱਲੋਂ 47,500 ਐੱਲਡੀਪੀਈ ਪੌਲੀਥੀਨ ਤਰਪਾਲਾਂ ਦੀ ਖਰੀਦ ਲਈ ਈ-ਟੈਂਡਰ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਵਿਭਾਗ ਕੋਲ ਪਹਿਲਾਂ ਹੀ ਪਿਛਲੇ ਸਾਲ ਦੀਆਂ 95 ਹਜ਼ਾਰ ਤਰਪਾਲਾਂ ਪਈਆਂ ਹਨ।