ਨਿੱਜੀ ਪੱਤਰ ਪ੍ਰੇਰਕ
ਫਗਵਾੜਾ, 2 ਜੁਲਾਈ
ਅੱਜ ਸ਼ਾਮ ਫਗਵਾੜਾ-ਗੁਰਾਇਆ ਸੜਕ ’ਤੇ ਪਿੰਡ ਚਾਚੋਕੀ ਵਿੱਚ ਢਾਬੇ ਤੋਂ ਕਰੀਬ ਸਾਢੇ 6 ਕੁਇੰਟਲ ਗਊ ਦਾ ਮਾਸ ਬਰਾਮਦ ਹੋਇਆ ਹੈ। ਇਸ ਸਬੰਧ ’ਚ ਪੁਲੀਸ ਨੇ ਮੌਕੇ ’ਤੇ ਪੁੱਜ ਕੇ ਪੰਜ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਿੰਦੂ ਸ਼ਿਵ ਸੈਨਾ, ਬਜਰੰਗ ਦਲ ਤੇ ਗਊ ਰੱਖਿਆ ਦਲ ਦੇ ਆਗੂ ਹਰਸ਼ ਭੱਲਾ, ਦਰਸ਼ਨ, ਗੁਰਪ੍ਰੀਤ, ਇੰਦਰਜੀਤ ਕਰਵਲ, ਦੀਪਕ ਭਾਰਦਵਾਜ, ਗੁਰਦੀਪ ਸੈਣੀ, ਰਜਤ ਭਾਰਦਵਾਜ, ਵਿਵੇਕ ਗੁਪਤਾ ਇਸ ਸਬੰਧੀ ਸੂਚਨਾ ਮਿਲਣ ਉਪਰੰਤ ਮੌਕੇ ’ਤੇ ਪੁੱਜੇ। ਉਨ੍ਹਾਂ ਦੱਸਿਆ ਕਿ ਸਬੰਧਤ ਢਾਬੇ ਦੇ ਮਗਰ ਬਣੇ ਕਮਰੇ ’ਚ ਡੀਫ਼ਰੀਜ਼ ਰੂਮ ਹੈ ਜਿਸ ’ਚ 6-7 ਕਰਮਚਾਰੀ ਗਊ ਦਾ ਮਾਸ ਕੱਟ ਕੇ ਪੈਕ ਕਰਨ ਲਈ ਰੱਖੇ ਹੋਏ ਹਨ। ਇਹ ਸਾਮਾਨ ਹੱਡਾ ਰੋੜੀ ਤੋਂ ਲਿਆ ਕੇ ਇਥੇ ਰੱਖਿਆ ਜਾਂਦਾ ਹੈ।
ਅੱਜ ਸ਼ਾਮ ਨੂੰ ਉਨ੍ਹਾਂ ਨੂੰ ਸੂਚਨਾ ਮਿਲਣ ਤੇ ਇਸ ਥਾਂ ’ਤੇ ਹਿੰਦੂ ਜਥੇਬੰਦੀਆਂ ਦੀ ਟੀਮ ਮੌਕੇ ’ਤੇ ਪੁੱਜੀ ਤੇ ਇਹ ਸਾਮਾਨ ਬਰਾਮਦ ਕਰਕੇ ਮੌਕੇ ’ਤੇ ਪੁਲੀਸ ਨੂੰ ਬੁਲਾ ਕੇ ਮੀਟ ਤੇ ਕਰਮਚਾਰੀ ਪੁਲੀਸ ਹਵਾਲੇ ਕਰ ਦਿੱਤੇ ਹਨ। ਮੌਕੇ ’ਤੇ ਡੀਐੱਸਪੀ ਭਾਰਤ ਭੂਸ਼ਣ ਤੇ ਐੱਸਐੱਚਓ ਸਿਟੀ ਊਸ਼ਾ ਰਾਣੀ ਪੁੱਜੇ ਤੇ ਸਾਰੀ ਜਾਣਕਾਰੀ ਹਾਸਲ ਕੀਤੀ। ਡੀਐੱਸਪੀ ਨੇ ਦੱਸਿਆ ਕਿ ਇਸ ਸਬੰਧੀ ਡਾਕਟਰਾਂ ਦੀ ਟੀਮ ਗਠਿਤ ਕੀਤੀ ਗਈ ਹੈ ਤੇ ਇਸ ਦੀ ਜਾਂਚ ਕਰਵਾਈ ਜਾਵੇਗੀ ਤੇ ਪੁਲੀਸ ਜਲਦੀ ਇਸ ਸਬੰਧੀ ਕੇਸ ਦਰਜ ਕਰ ਰਹੀ ਹੈ।