ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 5 ਜੂਨ
ਅੰਮ੍ਰਿਤਸਰ ਕਮਿਸ਼ਨਰੇਟ ਪੁਲੀਸ ਨੇ ਦੋ ਕੌਮਾਂਤਰੀ ਨਾਰਕੋ-ਤਸਕਰੀ ਮਾਮਲਿਆਂ ਦਾ ਪਰਦਾਫਾਸ਼ ਕੀਤਾ ਹੈ, ਜਿਸ ਤਹਿਤ ਔਰਤ ਸਣੇ ਛੇ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਕੋਲੋਂ 4 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਇਹ ਜਾਣਕਾਰੀ ਡੀਜੀਪੀ ਗੌਰਵ ਯਾਦਵ ਨੇ ਦਿੱਤੀ। ਮੁਲਜ਼ਮਾਂ ਦੀ ਪਛਾਣ ਅੰਮ੍ਰਿਤਸਰ ਦੇ ਪਿੰਡ ਗੁਰੂ ਕੀ ਵਡਾਲੀ ਦੇ ਵਿਸ਼ਾਲ ਸਿੰਘ (23), ਪਿੰਡ ਜਠੌਲ ਦੇ ਦੀਦਾਰ ਸਿੰਘ ਉਰਫ਼ ਕਾਲੀ (50), ਤਰਨ ਤਾਰਨ ਦੇ ਪਿੰਡ ਬੁਰਜ ਸਰਾਏ ਅਮਾਨਤ ਖਾਨ ਦੇ ਸੈਵਨਬੀਰ ਸਿੰਘ (25), ਅੰਮ੍ਰਿਤਸਰ ਦੇ ਬਾਬਾ ਦੀਪ ਸਿੰਘ ਕਲੋਨੀ ਦੇ ਹਰਜੀਤ ਸਿੰਘ (38) ਉਰਫ਼ ਜੀਤਾ, ਮੁਹੱਲਾ ਚੇਤੂਆਂ ਦੇ ਜੱਜ ਸਿੰਘ (19) ਅਤੇ ਕਪੱਤਗੜ੍ਹ ਦੀ ਜਸਬੀਰ ਕੌਰ (60) ਵਜੋਂ ਹੋਈ ਹੈ। ਡੀਜੀਪੀ ਸ੍ਰੀ ਯਾਦਵ ਨੇ ਪਹਿਲੇ ਮੌਡਿਊਲ ਬਾਰੇ ਦੱਸਿਆ ਕਿ ਇਸ ਨੂੰ ਮੁਲਜ਼ਮ ਸੈਵਨਬੀਰ ਵੱਲੋਂ ਚਲਾਇਆ ਜਾ ਰਿਹਾ ਸੀ, ਜੋ ਪਾਕਿਸਤਾਨ ਸਥਿਤ ਤਸਕਰਾਂ ਨਾਲ ਸਿੱਧੇ ਸੰਪਰਕ ਵਿੱਚ ਸੀ। ਉਹ ਪਸ਼ੂ ਵਪਾਰ ਦੀ ਆੜ ਵਿੱਚ ਹੈਰੋਇਨ ਦੀਆਂ ਖੇਪਾਂ ਪ੍ਰਾਪਤ ਕਰ ਰਿਹਾ ਸੀ। ਮੁਲਜ਼ਮ ਜਸਬੀਰ ਕੌਰ ਕਥਿਤ ਤਸਕਰ ਰਣਜੀਤ ਉਰਫ਼ ਚੀਤਾ ਦੇ ਗਰੋਹ ਨਾਲ ਜੁੜੀ ਹੋਈ ਹੈ ਅਤੇ ਸਰਹੱਦ ਪਾਰ ਦੇ ਤਸਕਰਾਂ ਦੇ ਸੰਪਰਕ ਵਿੱਚ ਸੀ। ਪੁਲੀਸ ਕਮਿਸ਼ਨਰ (ਸੀਪੀ) ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਖੁਫ਼ੀਆ ਅਪਰੇਸ਼ਨ ਤਹਿਤ ਇਨ੍ਹਾਂ ਦੋਵੇਂ ਮੌਡਿਊਲਾਂ ਦਾ ਪਰਦਾਫਾਸ਼ ਕੀਤਾ ਗਿਆ। ਇਸ ਸਬੰਧ ਵਿੱਚ ਪੁਲੀਸ ਸਟੇਸ਼ਨ ਛੇਹਰਟਾ ਵਿੱਚ ਦੋ ਵੱਖ-ਵੱਖ ਕੇਸ ਦਰਜ ਕੀਤੇ ਗਏ ਹਨ।