ਨਾਮਜ਼ਦਗੀ ਫਾਈਲਾਂ ਖੋਹਣ ਸਬੰਧੀ ਛੇ ਕੇਸ ਦਰਜ
ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀ ਚੋਣਾਂ ਦੌਰਾਨ ਨਾਮਜ਼ਦਗੀ ਫਾਰਮ ਖੋਹਣ ਜਾਂ ਪਾੜਨ ਸਬੰਧੀ ਪਟਿਆਲਾ ਜ਼ਿਲ੍ਹੇ ’ਚ ਛੇ ਪਰਚੇ ਦਰਜ ਕੀਤੇ ਗਏ ਹਨ। ਇਨ੍ਹਾਂ ਵਿੱਚੋਂ ਦੋ ਕੇਸ ਹੀ ਅਜਿਹੇ ਹਨ, ਜਿਨ੍ਹਾਂ ਵਿੱਚ ਮੁਲਜ਼ਮਾਂ ਦੇ ਨਾਮ ਦਰਜ ਕੀਤੇ ਗਏ ਹਨ, ਜਦਕਿ ਬਾਕੀ...
ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀ ਚੋਣਾਂ ਦੌਰਾਨ ਨਾਮਜ਼ਦਗੀ ਫਾਰਮ ਖੋਹਣ ਜਾਂ ਪਾੜਨ ਸਬੰਧੀ ਪਟਿਆਲਾ ਜ਼ਿਲ੍ਹੇ ’ਚ ਛੇ ਪਰਚੇ ਦਰਜ ਕੀਤੇ ਗਏ ਹਨ। ਇਨ੍ਹਾਂ ਵਿੱਚੋਂ ਦੋ ਕੇਸ ਹੀ ਅਜਿਹੇ ਹਨ, ਜਿਨ੍ਹਾਂ ਵਿੱਚ ਮੁਲਜ਼ਮਾਂ ਦੇ ਨਾਮ ਦਰਜ ਕੀਤੇ ਗਏ ਹਨ, ਜਦਕਿ ਬਾਕੀ ਚਾਰ ਕੇਸ ਅਣਪਛਾਤਿਆਂ ’ਤੇ ਦਰਜ ਹੋਏ ਹਨ। ਇਨ੍ਹਾਂ ਵਿਚੋਂ ਨਾਮ ਵਾਲ਼ਾ ਇੱਕ ਕੇਸ ਥਾਣਾ ਤ੍ਰਿਪੜੀ ਦੀ ਪੁਲੀਸ ਵੱਲੋਂ ਦਰਜ ਕੀਤਾ ਗਿਆ ਹੈ, ਜਿਸ ’ਚ ਝੰਡੀ ਵਾਸੀ ਗੁਰਪਾਲ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ। ਇਸੇ ਤਰ੍ਹਾਂ ਥਾਣਾ ਸਿਟੀ ਸਮਾਣਾ ਦੀ ਪੁਲੀਸ ਵੱਲੋਂ ਹਰਦੀਪ ਸਿੰਘ ਬਾਸੀ ਕਮਾਲਪੁਰ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ, ਜਿਸ ’ਤੇ ਬਿਸ਼ਨਪੁਰਾ ਵਾਸੀ ਜਗਵਿੰਦਰ ਸਿੰਘ ਦੀ ਨਾਮਜ਼ਦਗੀ ਵਾਲੀ ਫਾਈਲ ਖੋਹਣ ਦੇ ਦੋਸ਼ ਹਨ। ਉਧਰ ਘਨੌਰ ਵਿੱਚ ਔਰਤ ਕੋਲੋਂ ਫਾਈਲ ਖੋਹ ਕੇ ਭੱਜਣ ਸਬੰਧੀ ਵੀਡੀਓ ਵਾਇਰਲ ਹੋਣ ਦੇ ਬਾਵਜੂਦ ਮੁਲਜ਼ਮ ਨੂੰ ਅਣਪਛਾਤਾ ਹੀ ਦਰਸਾਇਆ ਗਿਆ ਹੈ। ਇੰਦਰਜੀਤ ਕੌਰ ਦੀ ਸ਼ਿਕਾਇਤ ’ਤੇ ਜੁਲਕਾਂ ਦੀ ਪੁਲੀਸ ਨੇ ਵੀ ਅਣਪਛਾਤੇ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਨਾਭਾ ਪੁਲੀਸ ਵੱੱਲੋਂ ਦਰਜ ਕੀਤੇ ਫਾਈਲ ਖੋਹਣ ਦੇ ਕੇਸ ਵਿੱਚ ਵੀ ਮੁਲਜ਼ਮ ਅਣਪਛਾਤਾ ਹੀ ਹੈ। ਇਹ ਸ਼ਿਕਾਇਤ ਗੁਰਮੀਤ ਕੌਰ ਨੇ ਦਿੱਤੀ ਹੈ।

