DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੰਜਾਬ ਹੜ੍ਹ: ਲੁਧਿਆਣਾ ਅਲਰਟ ’ਤੇ; ਮੌਤਾਂ ਦੀ ਗਿਣਤੀ 43 ਹੋਈ, 1.7 ਲੱਖ ਹੈਕਟੇਅਰ ’ਚ ਫ਼ਸਲ ਤਬਾਹ

ਲੁਧਿਆਣਾ ਦੇ ਪਿੰਡ ਸਸਰਾਲੀ ’ਚ ਹਾਲਤ ਨਾਜ਼ੁਕ, ਪ੍ਰਸ਼ਾਸਨ ਵੱਲੋਂ ਐਡਵਾਈਜ਼ਰੀ ਜਾਰੀ, ਸਸਰਾਲੀ ਸਣੇ ਨੇੜਲੇ ਪਿੰਡਾਂ ਦੇ ਹੜ੍ਹ ਦੇ ਪਾਣੀ ’ਚ ਘਿਰਨ ਦਾ ਖ਼ਦਸ਼ਾ; ਲੋਕਾਂ ਨੂੰ ਸੁਰੱਖਿਅਤ ਟਿਕਾਣਿਆਂ ’ਤੇ ਜਾਣ ਦੀ ਅਪੀਲ
  • fb
  • twitter
  • whatsapp
  • whatsapp
Advertisement

Punjab floods ਲੁਧਿਆਣਾ ਪੂਰਬੀ ਖੇਤਰ ਵਿਚ ਪੈਂਦੇ ਪਿੰਡ ਸਸਰਾਲੀ ਨੇੜੇ ਸਤਲੁਜ ਦਰਿਆ ਵਿਚ ਪਾਣੀ ਦੇ ਤੇਜ਼ ਵਹਾਅ ਕਰਕੇ ਸਥਿਤੀ ਨਾਜ਼ੁਕ ਬਣੀ ਹੋਈ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਇੱਕ ਐਡਵਾਈਜ਼ਰੀ ਜਾਰੀ ਕਰਕੇ ਸਥਾਨਕ ਲੋਕਾਂ ਨੂੰ ਸੁਰੱਖਿਅਤ ਟਿਕਾਣਿਆਂ ’ਤੇ ਜਾਣ ਤੇ ਆਪਣੇ ਅਹਿਮ ਦਸਤਾਵੇਜ਼ਾਂ ਦੀ ਸਾਂਭ ਸੰਭਾਲ ਕਰਨ ਦੀ ਅਪੀਲ ਕੀਤੀ ਹੈ। ਪ੍ਰਸ਼ਾਸਨ ਮੁਤਾਬਕ ਸਸਰਾਲੀ ਪਿੰਡ ਦੀ ਸਥਿਤੀ ਨਾਜ਼ੁਕ ਹੈ ਅਤੇ ਪਾਣੀ ਦਾ ਵਹਾਅ ਕਿਸੇ ਵੀ ਸਮੇਂ ਬੰਨ੍ਹ ਨੂੰ ਨੁਕਸਾਨ ਪਹੁੰਚਾ ਸਕਦਾ ਹੈ।

ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਕਿਹਾ ਕਿ ਸਤਲੁਜ ਦਰਿਆ ਦੇ ਨੇੜੇ ਸਸਰਾਲੀ ਪਿੰਡ ਵਿੱਚ ਪਾਣੀ ਦੇ ਤੇਜ਼ ਵਹਾਅ ਕਾਰਨ ਸਥਿਤੀ ਨਾਜ਼ੁਕ ਹੈ। ਹਾਲਾਂਕਿ ਬੰਨ੍ਹ ਦੀ ਰੱਖਿਆ ਅਤੇ ਮਜ਼ਬੂਤੀ ਲਈ ਯਤਨ ਕੀਤੇ ਜਾ ਰਹੇ ਹਨ, ਜੇਕਰ ਬੰਨ੍ਹ ਵਿੱਚ ਕੋਈ ਪਾੜ ਜਾਂ ਨੁਕਸਾਨ ਹੁੰਦਾ ਹੈ, ਤਾਂ ਸਸਰਾਲੀ, ਬੰਟ, ਰਾਵਤ, ਹਵਾਸ, ਸੀਜ਼ਾ, ਬੂਥਗੜ੍ਹ ਅਤੇ ਮੰਗਲੀ ਪਿੰਡ ਪ੍ਰਭਾਵਿਤ ਹੋ ਸਕਦੇ ਹਨ। ਇਨ੍ਹਾਂ ਪਿੰਡਾਂ ਦੇ ਹੜ੍ਹ ਦੇ ਪਾਣੀ ਨਾਲ ਘਿਰਨ ਦਾ ਵੀ ਖ਼ਤਰਾ ਹੈ।

Advertisement

ਲੁਧਿਆਣਾ ਨੇੜਲੇ ਪਿੰਡ ਸਸਰਾਲੀ ਵਿਚ ਸਤਲੁਜ ਦਰਿਆ ਦੇ ਕੰਢੇ ਮਜ਼ਬੂਤ ਕਰਨ ਲਈ ਕੀਤੀ ਚਾਰਾਜੋਈ।

ਐਡਵਾਈਜ਼ਰੀ ਵਿਚ ਸਥਾਨਕ ਲੋਕਾਂ ਨੂੰ ਚੌਕਸ ਰਹਿਣ ਤੇ ਹਾਲਾਤ ’ਤੇ ਨੇੜਿਓਂ ਨਜ਼ਰ ਰੱਖਣ ਲਈ ਕਿਹਾ ਗਿਆ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਹੰਗਾਮੀ ਹਾਲਾਤ ਵਿਚ ਘਰਾਂ ਦੀ ਪਹਿਲੀ ਮੰਜ਼ਿਲ ’ਤੇ ਜਾਣ ਦੀ ਹਦਾਇਤ ਕੀਤੀ ਹੈ। ਜੇਕਰ ਕੋਈ ਨੀਵੇਂ ਖੇਤਰ ਜਾਂ ਇੱਕ ਮੰਜ਼ਿਲਾ ਘਰ ਵਿੱਚ ਰਹਿੰਦਾ ਹੈ, ਤਾਂ ਉਸ ਨੂੰ ਸੁਰੱਖਿਅਤ ਟਿਕਾਣਿਆਂ ’ਤੇ ਜਾਣ ਲਈ ਆਖਿਆ ਹੈ। ਲੋਕਾਂ ਨੂੰ ਆਪਣੇ ਅਹਿਮ ਦਸਤਾਵੇਜ਼ਾਂ ਅਤੇ ਚੀਜ਼ਾਂ ਨੂੰ ਪਾਣੀ-ਰੋਧਕ ਬੈਗਾਂ ਵਿੱਚ ਰੱਖਣ ਜਾਂ ਨਾਲ ਲਿਜਾਣ ਲਈ ਕਿਹਾ ਹੈ। ਬਜ਼ੁਰਗਾਂ, ਬੱਚਿਆਂ ਅਤੇ ਬਿਮਾਰ ਲੋਕਾਂ ਨੂੰ ਪਹਿਲਾਂ ਤੇ ਤਰਜੀਹੀ ਅਧਾਰ ’ਤੇ ਸੁਰੱਖਿਅਤ ਟਿਕਾਣਿਆਂ ਉੱਤੇ ਪਹੁੰਚਾਉਣ ਲਈ ਕਿਹਾ ਹੈ।

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਮਦਦ ਲਈ ਬਚਾਅ ਕੇਂਦਰ ਵੀ ਸਥਾਪਿਤ ਕੀਤੇ ਗਏ ਹਨ। ਇਹ ਬਚਾਅ ਕੇਂਦਰ ਰਾਹੋਂ ਰੋਡ, ਗੌਂਸਗੜ੍ਹ, ਸਤਿਸੰਗ ਘਰ; ਚੰਡੀਗੜ੍ਹ ਰੋਡ, ਮੁੰਡੀਆਂ, ਸਤਿਸੰਗ ਘਰ; ਟਿੱਬਾ ਰੋਡ ਸਤਿਸੰਗ ਘਰ; ਕੈਲਾਸ਼ ਨਗਰ ਸਤਿਸੰਗ ਘਰ; ਪਿੰਡ ਸਸਰਾਲੀ ਨੇੜੇ ਰਾਧਾ ਸੁਆਮੀ ਕੇਂਦਰ; ਖਾਸੀ ਕਲਾਂ ਬਜ਼ਾਰ; ਖਾਸੀ ਕਲਾਂ ਸਕੂਲ; ਭੁਖੜੀ ਸਕੂਲ; ਮੱਤੇਵਾਜ਼ਾ ਸਕੂਲ; ਅਤੇ ਮੱਤੇਵਾੜਾ ਬਾਜ਼ਾਰ ਵਿਚ ਬਣਾਏ ਗਏ ਹਨ। ਲੋਕਾਂ ਦੀ ਮਦਦ ਲਈ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਗਏ ਹਨ। ਹੜ੍ਹ ਕੰਟਰੋਲ ਰੂਮ 0161-2433 100 ਤੇ ਪੁਲੀਸ ਹੈਲਪਲਾਈਨ 112

ਸੂਬਾ ਸਰਕਾਰ ਮੁਤਾਬਕ 23 ਜ਼ਿਲ੍ਹਿਆਂ ਦੇ 1,902 ਪਿੰਡ ਪ੍ਰਭਾਵਿਤ ਹੋਏ ਹਨ। ਕੁੱਲ 3.84 ਲੱਖ ਲੋਕ ਪ੍ਰਭਾਵਿਤ ਹੋਏ ਹਨ। 20,972 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ ਜਦੋਂਕਿ 1.71 ਲੱਖ ਹੈਕਟੇਅਰ ਫਸਲਾਂ ਤਬਾਹ ਹੋ ਗਈਆਂ ਹਨ।

ਇਸ ਦੌਰਾਨ ਹੜ੍ਹਾਂ ਕਰਕੇ ਮਰਨ ਵਾਲਿਆਂ ਦੀ ਗਿਣਤੀ 43 ਹੋ ਗਈ ਹੈ। ਇਨ੍ਹਾਂ ਵਿੱਚੋਂ ਸਭ ਤੋਂ ਵੱਧ 7 ਮੌਤਾਂ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਹੋਈਆਂ ਹਨ। ਪਠਾਨਕੋਟ ਵਿਚ 6, ਬਰਨਾਲਾ ਅਤੇ ਅੰਮ੍ਰਿਤਸਰ (5-5), ਲੁਧਿਆਣਾ ਅਤੇ ਬਠਿੰਡਾ ਵਿਚ 4-4 ਮੌਤਾਂ ਹੋਈਆਂ ਹਨ। ਪਠਾਨਕੋਟ ਵਿੱਚ ਤਿੰਨ ਵਿਅਕਤੀ ਲਾਪਤਾ ਹਨ।

ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਭਾਵਸ਼ਾਲੀ ਰਾਹਤ ਕਾਰਜਾਂ ਨੂੰ ਯਕੀਨੀ ਬਣਾਉਣ ਲਈ ਹਰ ਹੜ੍ਹ ਪ੍ਰਭਾਵਿਤ ਪਿੰਡ ਵਿੱਚ ਗਜ਼ਟਿਡ ਅਧਿਕਾਰੀ ਤਾਇਨਾਤ ਕੀਤੇ ਹਨ। ਮਾਨ ਨੇ ਜ਼ੋਰ ਦੇ ਕੇ ਕਿਹਾ ਕਿ ਲੋੜਵੰਦਾਂ ਦੀ ਫੌਰੀ ਮਦਦ ਕੀਤੀ ਜਾਵੇਗੀ। ਫਸਲਾਂ, ਜਾਇਦਾਦ ਅਤੇ ਬੁਨਿਆਦੀ ਢਾਂਚੇ ਨੂੰ ਹੋਏ ਨੁਕਸਾਨ ਦਾ ਮੁਲਾਂਕਣ ਕਰਨ ਲਈ ਇੱਕ ਵਿਸ਼ੇਸ਼ 'ਗਿਰਦਾਵਰੀ' ਦੇ ਹੁਕਮ ਦਿੱਤੇ ਗਏ ਹਨ।

Advertisement
×