ਸੀਸ ਮਾਰਗ ਨਗਰ ਕੀਰਤਨ ਦਿੱਲੀ ਤੋਂ ਰਵਾਨਾ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਤਿਹਾਸਕ ‘ਸੀਸ ਮਾਰਗ ਨਗਰ ਕੀਰਤਨ’ ਦੀ ਆਰੰਭਤਾ ਅੱਜ ਗੁਰਦੁਆਰਾ ਸੀਸ ਗੰਜ ਸਾਹਿਬ, ਦਿੱਲੀ ਤੋਂ ਕੀਤੀ। ਇਹ ਨਗਰ ਕੀਰਤਨ ਉਨ੍ਹਾਂ ਅਸਥਾਨਾਂ ਤੋਂ ਹੁੰਦਾ ਹੋਇਆ ਆਨੰਦਪੁਰ ਸਾਹਿਬ...
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਤਿਹਾਸਕ ‘ਸੀਸ ਮਾਰਗ ਨਗਰ ਕੀਰਤਨ’ ਦੀ ਆਰੰਭਤਾ ਅੱਜ ਗੁਰਦੁਆਰਾ ਸੀਸ ਗੰਜ ਸਾਹਿਬ, ਦਿੱਲੀ ਤੋਂ ਕੀਤੀ। ਇਹ ਨਗਰ ਕੀਰਤਨ ਉਨ੍ਹਾਂ ਅਸਥਾਨਾਂ ਤੋਂ ਹੁੰਦਾ ਹੋਇਆ ਆਨੰਦਪੁਰ ਸਾਹਿਬ ਪੁੱਜੇਗਾ, ਜਿਨ੍ਹਾਂ ਅਸਥਾਨਾਂ ’ਤੇ ਭਾਈ ਜੈਤਾ ਜੀ ਨੌਵੇਂ ਗੁਰੂ ਦਾ ਸੀਸ ਲੈ ਕੇ ਰੁਕੇ ਸਨ। ਨਗਰ ਕੀਰਤਨ ਦਾ ਪਹਿਲੀ ਰਾਤ ਦਾ ਵਿਸ਼ਰਾਮ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ, ਤਰਾਵੜੀ ਵਿੱਚ ਹੋਵੇਗਾ। 26 ਨਵੰਬਰ ਨੂੰ ਇਹ ਕਾਫ਼ਲਾ ਗੁਰਦੁਆਰਾ ਸੀਸ ਗੰਜ ਸਾਹਿਬ, ਅੰਬਾਲਾ ਲਈ ਰਵਾਨਾ ਹੋਵੇਗਾ। ਇਸ ਮਗਰੋਂ 27 ਨਵੰਬਰ ਨੂੰ ਅੰਬਾਲਾ ਤੋਂ ਚੱਲ ਕੇ ਗੁਰਦੁਆਰਾ ਸ੍ਰੀ ਨਾਭਾ ਸਾਹਿਬ, ਜ਼ੀਰਕਪੁਰ ਪਹੁੰਚੇਗਾ। 28 ਨਵੰਬਰ ਨੂੰ ਜ਼ੀਰਕਪੁਰ ਤੋਂ ਰਵਾਨਾ ਹੋ ਕੇ ਨਗਰ ਕੀਰਤਨ ਗੁਰਦੁਆਰਾ ਬਿਬਾਣਗੜ੍ਹ ਸਾਹਿਬ, ਕੀਰਤਪੁਰ ਸਾਹਿਬ ਪੁੱਜੇਗਾ। ਅੰਤਮ ਪੜਾਅ ਵਜੋਂ 29 ਨਵੰਬਰ ਨੂੰ ਇਹ ਨਗਰ ਕੀਰਤਨ ਗੁਰਦੁਆਰਾ ਬਿਬਾਣਗੜ੍ਹ ਸਾਹਿਬ ਤੋਂ ਪੈਦਲ ਚੱਲ ਕੇ ਗੁਰਦੁਆਰਾ ਸੀਸ ਗੰਜ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਵਿਖੇ ਸੰਪੂਰਨ ਹੋਵੇਗਾ। ਇਸ ਵਿੱਚ ਪੰਜ ਤਖ਼ਤ ਸਾਹਿਬਾਨ ਦੇ ਜਥੇਦਾਰ, ਨਿਹੰਗ ਸਿੰਘ ਦਲਾਂ ਦੇ ਮੁਖੀ, ਦਮਦਮੀ ਟਕਸਾਲ, ਵੱਖ-ਵੱਖ ਸਿੱਖ ਸੰਪਰਦਾਵਾਂ ਦੇ ਮੁਖੀ ਅਤੇ ਪੰਥਕ ਸ਼ਖ਼ਸੀਅਤਾਂ ਸ਼ਮੂਲੀਅਤ ਕਰਨਗੀਆਂ। ਐੱਸ ਜੇ ਐੱਸ ਮੋਟਰਜ਼ ਹਾਪੁੜ ਦੇ ਮਾਲਕ ਧਿਆਨ ਸਿੰਘ ਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਸੰਗਤ ਲਈ ਲੰਗਰ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ।
ਦਿੱਲੀ ਗੁਰਦੁਆਰਾ ਕਮੇਟੀ ਨੇ ਨਗਰ ਕੀਰਤਨ ਸਜਾਇਆ
ਨਵੀਂ ਦਿੱਲੀ (ਪੱਤਰ ਪ੍ਰੇਰਕ): ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਤੇਗ ਬਹਾਦਰ ਦੇ 350 ਸਾਲਾ ਸ਼ਹੀਦੀ ਦਿਹਾੜੇ ਮੌਕੇ ਅੱਜ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਕੀਰਤਨ ਗੁਰਦੁਆਰਾ ਸੀਸ ਗੰਜ ਸਾਹਿਬ ਤੋਂ ਸ਼ੁਰੂ ਹੋ ਕੇ ਅਜਮੇਰੀ ਗੇਟ, ਪਹਾੜਗੰਜ, ਨਵੀਂ ਦਿੱਲੀ ਰੇਲਵੇ ਸਟੇਸ਼ਨ, ਕਨਾਟ ਪਲੇਸ ਅਤੇ ਬਾਬਾ ਖੜਗ ਸਿੰਘ ਮਾਰਗ ਤੋਂ ਹੁੰਦਾ ਹੋਇਆ ਗੁਰਦੁਆਰਾ ਰਕਾਬਗੰਜ ਸਾਹਿਬ ਪਹੁੰਚ ਕੇ ਸੰਪੰਨ ਹੋਇਆ।
ਇਸ ਦੌਰਾਨ ਦਲ ਪੰਥ ਜਥੇਬੰਦੀਆਂ, ਨਿਹੰਗ ਸਿੰਘਾਂ ਦੇ ਜਥੇ ਅਤੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਰਸਤੇ ਵਿੱਚ ਸੰਗਤ ਲਈ ਥਾਂ-ਥਾਂ ਲੰਗਰ ਲਾਏ ਗਏ ਸਨ।

