ਗਾਇਕ ਕਰਨ ਔਜਲਾ ਤੇ ਹਨੀ ਸਿੰਘ ਵਿਦੇਸ਼ ਹੋਣ ਕਾਰਨ ਮਹਿਲਾ ਕਮਿਸ਼ਨ ਕੋਲ ਨਾ ਹੋ ਸਕੇ ਪੇਸ਼
ਗੀਤਾਂ ਵਿਚ ਮਹਿਲਾਵਾਂ ਪ੍ਰਤੀ ਇਤਰਾਜ਼ਯੋਗ ਸ਼ਬਦਾਵਲੀ ਦੀ ਵਰਤੋਂ ਕਰਨ ’ਤੇ ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਪੇਸ਼ ਹੋਣ ਲਈ ਬੁਲਾਏ ਗਏ ਪੰਜਾਬੀ ਗਾਇਕ ਕਰਨ ਔਜਲਾ ਅਤੇ ਹਨੀ ਸਿੰਘ ਅੱਜ ਕਮਿਸ਼ਨ ਦੇ ਮੁਹਾਲੀ ਸਥਿਤ ਪਹਿਲਾ ਫੇਜ਼ ਦੇ ਦਫ਼ਤਰ ਵਿੱਚ ਪੇਸ਼ ਨਾ ਹੋ ਸਕੇ। ਕਮਿਸ਼ਨ ਦੀ ਚੇਅਰਪਰਸਨ ਵੱਲੋਂ ਡੀਜੀਪੀ ਪੰਜਾਬ ਅਤੇ ਡਾਇਰੈਕਟਰ ਬੀਓਆਈ ਨੂੰ ਅੱਜ ਦੋਵੇਂ ਗਾਇਕਾਂ ਨੂੰ ਕਮਿਸ਼ਨ ਸਾਹਮਣੇ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਸਨ ਅਤੇ ਸੀਨੀਅਰ ਪੁਲੀਸ ਅਫ਼ਸਰ ਰਾਹੀਂ ਮਾਮਲੇ ਦੀ ਪੜਤਾਲ ਕਰਵਾ ਕੇ ਸਟੇਟਸ ਰਿਪੋਰਟ ਸੌਂਪਣ ਲਈ ਕਿਹਾ ਸੀ। ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਦੱਸਿਆ ਕਿ ਦੋਵੇਂ ਗਾਇਕਾਂ ਨੇ ਵਿਦੇਸ਼ ਵਿਚ ਹੋਣ ਦੀ ਗੱਲ ਆਖਦਿਆਂ ਸਮਾਂ ਮੰਗਿਆ ਹੈ ਅਤੇ ਵਿਦੇਸ਼ ਤੋਂ ਵਾਪਸ ਆ ਕੇ ਪੇਸ਼ ਹੋਣ ਦੀ ਗੱਲ ਆਖੀ ਹੈ। ਉਨ੍ਹਾਂ ਕਿਹਾ ਕਿ ਦੋਵੇਂ ਗਾਇਕਾਂ ਦੀ ਉਨ੍ਹਾਂ ਨਾਲ ਨਿੱਜੀ ਗੱਲ ਹੋਈ ਹੈ ਅਤੇ ਉਨ੍ਹਾਂ ਨੇ ਮਹਿਲਾਵਾਂ ਪ੍ਰਤੀ ਵਰਤੀ ਇਤਰਾਜ਼ਯੋਗ ਸ਼ਬਦਾਵਲੀ ਲਈ ਮੁਆਫ਼ੀ ਵੀ ਮੰਗੀ ਹੈ। ਉਨ੍ਹਾਂ ਕਿਹਾ ਕਿ ਅਜਿਹੀ ਸਮੱਗਰੀ ’ਤੇ ਰੋਕ ਲਗਾਉਣ ਲਈ ਸਾਈਬਰ ਕਾਨੂੰਨ ਹਨ ਤੇ ਉਹ ਲੱਚਰ ਭਾਸ਼ਾ ਵਾਲੇ ਗੀਤਾਂ ’ਤੇ ਸੈਂਸਰਸ਼ਿਪ ਲਾਗੂ ਕਰਨ ਲਈ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਵੀ ਲਿਖਣਗੇ। ਇਸੇ ਦੌਰਾਨ ਪੰਜਾਬ ਪੁਲੀਸ ਦੇ ਏਆਈਜੀ ਯਾਦਵਿੰਦਰ ਸਿੰਘ ਸਿੱਧੂ ਵੱਲੋਂ ਅੱਜ ਕਮਿਸ਼ਨ ਦੇ ਦਫ਼ਤਰ ਪਹੁੰਚ ਕੇ ਇਸ ਮਾਮਲੇ ਸਬੰਧੀ ਸਟੇਟਸ ਰਿਪੋਰਟ ਚੇਅਰਪਰਸਨ ਨੂੰ ਸੌਂਪੀ ਗਈ। ਉਨ੍ਹਾਂ ਦੱਸਿਆ ਕਿ ਦੋਵੇਂ ਗਾਇਕਾਂ ਦੇ ਦਫ਼ਤਰ ਮੈਨੇਜਰਾਂ ਨਾਲ ਸੰਪਰਕ ਹੋ ਗਿਆ ਹੈ ਤੇ ਉਨ੍ਹਾਂ ਦੇ ਵਕੀਲ ਅਗਲੇ 2-3 ਦਿਨਾਂ ਦੌਰਾਨ ਆਪਣਾ ਪੱਖ ਲਿਖਤੀ ਰੂਪ ’ਚ ਪੁਲੀਸ ਕੋਲ ਪੇਸ਼ ਕਰਨਗੇ, ਜਿਸ ਮਗਰੋਂ ਅਗਲੇਰੀ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।