ਗਾਇਕ ਰਾਜਵੀਰ ਜਵੰਦਾ ਦੀ ਹਾਲਤ ਨਾਜ਼ੁਕ
ਤਿੰਨ ਦਿਨਾਂ ਤੋਂ ਜਾਰੀ ਨਹੀਂ ਕੀਤਾ ਗਿਆ ਸਿਹਤ ਬੁਲੇਟਿਨ; ਰਾਕੇਸ਼ ਟਿਕੈਤ ਨੇ ਹਾਲ ਜਾਣਿਆ
ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਹਾਲਤ ਨੌਂ ਦਿਨਾਂ ਦੇ ਇਲਾਜ ਤੋਂ ਬਾਅਦ ਵੀ ਬੇਹੱਦ ਗੰਭੀਰ ਬਣੀ ਹੋਈ ਹੈ। ਮੁਹਾਲੀ ਦੇ ਫੇਜ਼-8 ਸਥਿਤ ਫੋਰਟਿਸ ਹਸਪਤਾਲ ਵਿੱਚ ਜ਼ੇਰੇ ਇਲਾਜ ਗਾਇਕ ਜਵੰਦਾ ਦੀ ਸਿਹਤ ਸਬੰਧੀ ਹਸਪਤਾਲ ਵੱਲੋਂ ਪਿਛਲੇ ਤਿੰਨ ਦਿਨਾਂ ਤੋਂ ਕੋਈ ਵੀ ਮੈਡੀਕਲ ਬੁਲੇਟਿਨ ਜਾਰੀ ਨਹੀਂ ਕੀਤਾ ਗਿਆ। ਅੱਜ ਕਿਸਾਨ ਆਗੂ ਰਾਕੇਸ਼ ਟਿਕੈਤ ਵੀ ਉਨ੍ਹਾਂ ਦੀ ਸਿਹਤ ਦਾ ਪਤਾ ਲੈਣ ਲਈ ਹਸਪਤਾਲ ਪਹੁੰਚੇ। ਇਸ ਮੌਕੇ ਉਨ੍ਹਾਂ ਗਾਇਕ ਦੀ ਸਿਹਤਯਾਬੀ ਦੀ ਦੁਆ ਕੀਤੀ। ਅਦਾਕਾਰ ਕਰਮਜੀਤ ਅਨਮੋਲ, ਗੀਤਾ ਜ਼ੈਲਦਾਰ, ਮਾਸਟਰ ਸਲੀਮ ਤੇ ਸਲੀਮ ਸਿਕੰਦਰ ਨੇ ਵੀ ਜਵੰਦਾ ਦੇ ਪਰਿਵਾਰ ਨੂੰ ਮਿਲ ਕੇ ਹੌਸਲਾ ਦਿੱਤਾ। ਅਦਾਕਾਰ ਮਲਕੀਤ ਰੌਣੀ ਨੇ ਦੱਸਿਆ ਕਿ ਜਵੰਦਾ ਦੀ ਭੈਣ ਵੀ ਵਿਦੇਸ਼ ਤੋਂ ਪਰਤ ਆਈ ਹੈ। ਇਸੇ ਤਰ੍ਹਾਂ ਗਾਇਕ ਦੀ ਮਾਤਾ, ਭੂਆ, ਪਤਨੀ, ਮਾਮਾ ਅਤੇ ਹੋਰ ਨਜ਼ਦੀਕੀ ਰਿਸ਼ਤੇਦਾਰ ਵੀ ਹਸਪਤਾਲ ਵਿੱਚ ਹਾਜ਼ਰ ਹਨ। ਮਲਕੀਤ ਰੌਣੀ ਨੇ ਦੱਸਿਆ ਕਿ ਡਾਕਟਰਾਂ ਅਨੁਸਾਰ ਜਵੰਦਾ ਦਾ ਬਲੱਡ ਪ੍ਰੈੱਸ਼ਰ ਸਥਿਰ ਹੈ ਅਤੇ ਦਿਲ ਠੀਕ ਕੰਮ ਕਰ ਰਿਹਾ ਹੈ ਪਰ ਹਾਲੇ ਤੱਕ ਦਿਮਾਗ ਰਿਸਪੌਂਸ ਨਹੀਂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਦੁਨੀਆ ਭਰ ਵਿੱਚ ਵਸਦੇ ਕਰੋੜਾਂ ਪੰਜਾਬੀ ਜਵੰਦਾ ਦੀ ਸਿਹਤਯਾਬੀ ਲਈ ਦੁਆਵਾਂ ਕਰ ਰਹੇ ਹਨ ਅਤੇ ਉਹ ਜਲਦੀ ਤੰਦਰੁਸਤ ਹੋਣਗੇ। ਉਨ੍ਹਾਂ ਦੇ ਪ੍ਰਸ਼ੰਸਕ ਵੀ ਹਸਪਤਾਲ ਦੇ ਬਾਹਰ ਖੜ੍ਹ ਕੇ ਸਿਹਤਯਾਬੀ ਲਈ ਅਰਦਾਸ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਜਵੰਦਾ ਦੇ ਸਿਰ, ਗਰਦਨ ਅਤੇ ਰੀੜ੍ਹ ਦੀ ਹੱਡੀ ਵਿੱਚ ਜ਼ਿਆਦਾ ਸੱਟਾਂ ਲੱਗੀਆਂ ਹੋਈਆਂ ਹਨ।