ਹੁਸੈਨਪੁਰ ਦੇ ਸਿੰਦਰਪਾਲ ਨੇ ਕੇ ਬੀ ਸੀ ’ਚ ਜਿੱਤੇ 50 ਲੱਖ ਰੁਪਏ
ਬੱਚਿਆਂ ਨੂੰ ਚੰਗੀ ਵਿੱਦਿਆ ਦੇਣ ਦਾ ਸੁਫ਼ਨਾ ਪੂਰਾ ਹੋਇਆ: ਸਿੰਦਰਪਾਲ
ਗੁਰਨੇਕ ਸਿੰਘ ਵਿਰਦੀ
ਜਲੰਧਰ ਜ਼ਿਲ੍ਹੇ ਦੇ ਪਿੰਡ ਹੁਸੈਨਪੁਰ ਦੇ ਸਿੰਦਰਪਾਲ ਨੇ ‘ਕੌਣ ਬਣੇਗਾ ਕਰੋੜਪਤੀ’ (ਕੇ ਬੀ ਸੀ) ਟੀ ਵੀ ਸ਼ੋਅ ਵਿੱਚ ਹਿੱਸਾ ਲੈ ਕੇ 50 ਲੱਖ ਰੁਪਏ ਜਿੱਤੇ ਹਨ। ਇਸ ਸਬੰਧੀ ਸਿੰਦਰਪਾਲ ਨੇ ਦੱਸਿਆ ਕਿ ਉਸ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਂਬੜਾ ਤੋਂ ਬਾਰ੍ਹਵੀਂ ਤੱਕ ਦੀ ਪੜ੍ਹਾਈ ਕੀਤੀ ਹੈ। ਉਹ ਮਜਬੂਰੀ ਕਾਰਨ ਕਾਲਜ ਵਿੱਚ ਦਾਖ਼ਲਾ ਨਹੀਂ ਸੀ ਲੈ ਸਕਿਆ।
ਉਸ ਨੇ ਦੱਸਿਆ ਕਿ ਉਹ ਕਈ ਸਾਲਾਂ ਤੋਂ ਕੌਣ ਬਣੇਗਾ ਕਰੋੜਪਤੀ ਸ਼ੋਅ ਵਿੱਚ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਲਈ ਉਸ ਨੇ ਕਈ ਕਿਤਾਬਾਂ ਪੜ੍ਹ ਕੇ ਸਖ਼ਤ ਮਿਹਨਤ ਕੀਤੀ ਹੈ।
ਉਸ ਨੇ ਦੱਸਿਆ ਕਿ ਦੋ ਸਾਲ ਪਹਿਲਾਂ ਉਹ ਕੌਣ ਬਣੇਗਾ ਕਰੋੜਪਤੀ ਸ਼ੋਅ ਲਈ ਕਿਸੇ ਸਾਥੀ ਕੋਲੋਂ ਪੈਸੇ ਉਧਾਰ ਲੈ ਕੇ ਆਡੀਸ਼ਨ ਦੇਣ ਗਿਆ ਸੀ ਪਰ ਉਸ ਨੂੰ ਸਫ਼ਲਤਾ ਨਹੀਂ ਸੀ ਮਿਲੀ। ਉਸ ਦੀ ਪਤਨੀ ਰੇਨੂ ਬਾਲਾ ਨੇ ਦੱਸਿਆ ਕਿ ਪੜ੍ਹਾਈ ਲਈ ਸਖ਼ਤ ਮਿਹਨਤ ਕਰਦੇ ਸਮੇਂ ਉਸ ਨੇ ਆਪਣੇ ਪਤੀ ਨੂੰ ਘਰੇਲੂ ਕੰਮਾਂ ਤੋਂ ਦੂਰ ਰੱਖਿਆ ਸੀ। ਉਸ ਨੇ ਦੱਸਿਆ ਕਿ ਉਹ ਆਪਣੇ ਬੱਚਿਆਂ ਨੂੰ ਮਿਆਰੀ ਸਿੱਖਿਆ ਦਿਵਾਉਣ ਲਈ ਹਰ ਸੰਭਵ ਯਤਨ ਕਰਨਗੇ।
ਇਸ ਸਬੰਧੀ ਹਲਕਾ ਕਰਤਾਰਪੁਰ ਦੇ ਵਿਧਾਇਕ ਬਲਕਾਰ ਸਿੰਘ ਨੇ ਸਿੰਦਰਪਾਲ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਰਕਾਰੀ ਸਕੂਲ ਵਿੱਚ ਪੜ੍ਹੇ ਇਸ ਵਿਦਿਆਰਥੀ ਨੇ ਵੱਡੀਆਂ ਮੱਲਾਂ ਮਾਰ ਕੇ ਆਪਣੇ ਪਿੰਡ ਅਤੇ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ ਹੈ।