ਗੁਰਨਾਮ ਸਿੰਘ ਅਕੀਦਾ
ਪਟਿਆਲਾ, 6 ਜੁਲਾਈ
ਅਡਾਨੀ ਐਗਰੋ ਪ੍ਰਾਈਵੇਟ ਲਿਮਟਿਡ ਨੇ ਪਟਿਆਲਾ ਜ਼ਿਲ੍ਹੇ ਦੇ ਪਿੰਡ ਸੁਨਿਆਰਹੇੜੀ ਵਿੱਚ ਸਾਢੇ ਅੱਠ ਏਕੜ ਜ਼ਮੀਨ ’ਚ ਸਾਇਲੋ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਹ ਸਾਇਲੋ ਪਟਿਆਲਾ ਤੋਂ ਚੀਕਾ ਰੋਡ ’ਤੇ ਕੈਂਚੀਆਂ ਟੱਪ ਕੇ ਲੁਧਿਆਣਾ ਫਾਰਮ ਕੋਲ ਬਣਾਇਆ ਜਾ ਰਿਹਾ ਹੈ।
ਸਾਇਲੋ ਵਾਲੀ ਥਾਂ ’ਤੇ ਚਾਰਦੀਵਾਰੀ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪਿੰਡ ਸੁਨਿਆਰਹੇੜੀ ਵਿੱਚ ਜ਼ਿਆਦਾਤਰ ਲੋਕ 1947 ਵਿੱਚ ਪਾਕਿਸਤਾਨ ਤੋਂ ਉੱਜੜ ਕੇ ਆਏ ਸਨ। ਸਾਇਲੋ ਵਾਲੀ ਜਗ੍ਹਾ ਦੇ ਬਿਲਕੁਲ ਨਾਲ ਪਿੰਡ ਦਲਾਨਪੁਰ ਵਿੱਚ ਪੈਪਸੂ ਦੇ ਮੁੱਖ ਮੰਤਰੀ ਰਹੇ ਰਘਬੀਰ ਸਿੰਘ ਦੇ ਪਰਿਵਾਰ ਦੀ ਜ਼ਮੀਨ ਵੀ ਹੈ। ਇਸ ਦੌਰਾਨ ਪਿੰਡ ਸੁਨਿਆਰਹੇੜੀ ਦੇ ਕੁਝ ਲੋਕਾਂ ਨੇ ਦੱਸਿਆ ਕਿ ਜਿਸ ਜਗ੍ਹਾ ’ਤੇ ਸਾਇਲੋ ਬਣ ਰਿਹਾ ਹੈ ਇਹ ਜ਼ਮੀਨ ਸੋਹਣ ਸਿੰਘ ਦੀ ਹੈ, ਜੋ ਇਸ ਵੇਲੇ ਮੁੰਬਈ ਵਿੱਚ ਰਹਿੰਦਾ ਹੈ। ਪਿੰਡ ਵਾਸੀਆਂ ਅਨੁਸਾਰ ਸੋਹਣ ਸਿੰਘ ਆਪਣੀ ਜ਼ਮੀਨ ਠੇਕੇ ’ਤੇ ਦੇ ਕੇ ਪਿੰਡ ਤੋਂ ਬਾਹਰ ਹੀ ਰਹੇ ਹਨ। ਇਸ ਜ਼ਮੀਨ ਦੀ ਰਜਿਸਟਰੀ ਅਡਾਨੀ ਗਰੁੱਪ ਦੇ ਇਕ ਮੁਲਾਜ਼ਮ ਵੱਲੋਂ ਕਥਿਤ ਅਡਾਨੀ ਐਗਰੋ ਦੇ ਨਾਮ ’ਤੇ ਕਰਵਾਈ ਗਈ ਹੈ। ਪਿੰਡ ਦੇ ਸਰਪੰਚ ਵਿੱਕੀ ਨੇ ਕਿਹਾ ਕਿ ਉਹ ਇਸ ਬਾਰੇ ਨਹੀਂ ਜਾਣਦੇ। ਪਿੰਡ ਦੇ ਕੁਝ ਲੋਕਾਂ ਅਨੁਸਾਰ ਇਹ ਜ਼ਮੀਨ ਅਡਾਨੀ ਸਮੂਹ ਵੱਲੋਂ ਸਾਇਲੋ ਬਣਾਉਣ ਲਈ ਖ਼ਰੀਦੀ ਗਈ ਹੈ ਜਿਸ ਵਿਚ ਨਿਰਮਾਣ ਕਾਰਜ ਸ਼ੁਰੂ ਹੋ ਗਿਆ ਹੈ।