ਗੁਰਬਖਸ਼ਪੁਰੀ
ਅੱਜ ਇਥੇ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਨੇ ਆਉਣ ਵਾਲਾ ਸਮਾਂ ਸਿੱਖਾਂ ਲਈ ਘਾਤਕ ਕਰਾਰ ਦਿੱਤਾ ਹੈ। ਉਨ੍ਹਾਂ ਅਜਿਹੇ ਹਾਲਾਤ ਵਿੱਚ ਪੈਦਾ ਹੋਣ ਵਾਲੀਆਂ ਸੰਭਾਵੀ ਚੁਣੌਤੀਆਂ ਦਾ ਟਾਕਰਾ ਕਰਨ ਲਈ ਸਿੱਖਾਂ ਨੂੰ ਏਕਾ ਕਰਨ ’ਤੇ ਜ਼ੋਰ ਦਿੱਤਾ ਹੈ| ਉਨ੍ਹਾਂ ਆਖਿਆ ਕਿ ਕੌਮੀ ਪਾਰਟੀ ਨੇ ਕਦੇ ਵੀ ਸਿੱਖਾਂ ਦੀ ਸਾਰ ਨਹੀਂ ਲਈ, ਜਿਸ ਕਾਰਨ ਸਿੱਖਾਂ ਨੂੰ ਇਕਜੁੱਟ ਹੋਣਾ ਚਾਹੀਦਾ ਹੈ। ਇਸ ਦੌਰਾਨ ਉਨ੍ਹਾਂ ਦੇਸ਼ ’ਚ ਬਹੁਗਿਣਤੀਆਂ ਦੀ ਨੁਮਾਇੰਦਗੀ ਕਰਦੀਆਂ ਕਾਂਗਰਸ, ਭਾਜਪਾ, ਆਮ ਆਦਮੀ ਪਾਰਟੀ ਦੇ ਮੁਕਾਬਲਾ ਲਈ ਸਾਰੇ ਅਕਾਲੀ ਦਲਾਂ ਵਿਚਾਲੇ ਏਕਾ ਕਰਨ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਖਡੂਰ ਸਾਹਿਬ ਹਲਕੇ ਤੋਂ ਸਾਲ 2024 ਦੀ ਲੋਕ ਸਭਾ ਦੀ ਚੋਣ ਵੇਲੇ ਅੰਮ੍ਰਿਤਪਾਲ ਸਿੰਘ ਅਤੇ ਹਾਲ ਹੀ ਵਿੱਚ ਤਰਨ ਤਾਰਨ ਦੀ ਜ਼ਿਮਨੀ ਚੋਣ ਵਿੱਚ ਮਨਦੀਪ ਸਿੰਘ ਨੂੰ ਹਮਾਇਤ ਦੇ ਕੇ ਕੁਰਬਾਨੀ ਕੀਤੀ ਹੈ|
ਖਡੂਰ ਸਾਹਿਬ ਹਲਕੇ ਤੋਂ ‘ਆਪ’ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਚਾਰ ਸਾਲ ਦੀ ਕੈਦ ਹੋਣ ਕਾਰਨ ਉਸ ਦੀ ਮੈਂਬਰੀ ਰੱਦ ਹੋਣ ’ਤੇ ਹਲਕੇ ਦੀ ਜ਼ਿਮਨੀ ਚੋਣ ਵਿੱਚ ਪਾਰਟੀ ਵੱਲੋਂ ਆਪਣਾ ਉਮੀਦਵਾਰ ਖੜ੍ਹਾ ਕੀਤਾ ਜਾਵੇਗਾ| ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਸਿੱਖਾਂ ਨੂੰ ਸੁਰੱਖਿਅਤ ਰਹਿਣ ਲਈ ਇਕਜੁੱਟ ਹੋਣਾ ਸਮੇਂ ਦੀ ਲੋੜ ਹੈ| ਹਾਲਾਂਕਿ ਉਨ੍ਹਾਂ ਆਪਣੇ ਬੀਤੇ ਦਿਨੀਂ ਦਿੱਤੇ ਬਿਆਨ ਤੋਂ ਪਾਸ ਵੱਟ ਲਿਆ, ਜਿਸ ਵਿੱਚ ਉਨ੍ਹਾਂ ਆਖਿਆ ਸੀ ਕਿ ਸਮੂਹ ਸਿੱਖਾਂ ਨੂੰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਇਕੱਠਾ ਹੋਣਾ ਚਾਹੀਦਾ ਹੈ। ਇਸ ਮੌਕੇ ਪਾਰਟੀ ਦੇ ਕੌਮੀ ਜਨਰਲ ਸਕੱਤਰ ਹਰਪਾਲ ਸਿੰਘ ਬਲੇਰ, ਦਲਜੀਤ ਸਿੰਘ ਬਾਜਵਾ ਦਫਤਰ ਸਕੱਤਰ, ਨਿਸ਼ਾਨ ਸਿੰਘ ਸ਼ਾਮਲ ਹੋਏ|

