ਧਮਕੀ ਭਰੀਆਂ ਈ-ਮੇਲਜ਼ ਲਈ ‘ਡਾਰਕ ਨੈੱਟ’ ਅਤੇ ਵੀਪੀਐੱਨ ਦੀ ਵਰਤੋਂ ਦੇ ਸੰਕੇਤ
ਸ੍ਰੀ ਹਰਿਮੰਦਰ ਸਾਹਿਬ ਤੇ ਹਵਾਈ ਅੱਡਾ ਆਦਿ ਸਥਾਨਾਂ ’ਤੇ ਬੰਬ ਧਮਾਕੇ ਸਬੰਧੀ ਈ-ਮੇਲ ਧਮਕੀਆਂ ਦੇ ਮਾਮਲੇ ਵਿੱਚ ਪੰਜਾਬ ਪੁਲੀਸ ਨੂੰ ਡਿਜੀਟਲ ਟ੍ਰਾਇਲ ਦਾ ਪਤਾ ਲਗਾਉਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸ਼ਰਾਰਤੀ ਅਨਸਰਾਂ ਵੱਲੋਂ ਇਹ ਈ-ਮੇਲਾਂ ਡਾਰਕ ਨੈੱਟ ਅਤੇ ਵਰਚੁਅਲ ਪ੍ਰਾਈਵੇਟ ਨੈੱਟਵਰਕ (ਵੀਪੀਐੱਨ) ਰਾਹੀਂ ਭੇਜੀਆਂ ਗਈਆਂ ਹਨ। ਪੁਲੀਸ ਸੂਤਰਾਂ ਅਨੁਸਾਰ ਸਿਰਫ਼ ਅਮਰੀਕਾ ਸਥਿਤ ਮਸ਼ਹੂਰ ਸਾਫਟਵੇਅਰ ਕੰਪਨੀ ਅਤੇ ਇਸਦੀਆਂ ਸਹਾਇਕ ਫਰਮਾਂ ਹੀ ਇਸ ਦਾ ਸਰੋਤ ਪ੍ਰਦਾਨ ਕਰ ਸਕਦੀਆਂ ਹਨ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਪੁਲੀਸ ਵੱਲੋਂ ਇਸ ਸਬੰਧ ਵਿੱਚ ਅਮਰੀਕਾ ਸਥਿਤ ਫਰਮ ਨਾਲ ਸੰਪਰਕ ਕੀਤਾ ਗਿਆ ਹੈ ਪਰ ਇਸ ਨੇ ਹੁਣ ਤੱਕ ਕੋਈ ਜਵਾਬ ਨਹੀਂ ਦਿੱਤਾ। ਦੱਸਣਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ 14 ਜੁਲਾਈ ਤੋਂ ਬਾਅਦ ਸ੍ਰੀ ਹਰਿਮੰਦਰ ਸਾਹਿਬ ਨੂੰ ਬੰਬ ਨਾਲ ਉਡਾਉਣ ਦੀਆਂ ਲਗਭਗ 10 ਧਮਕੀ ਭਰੀਆਂ ਈ-ਮੇਲਾਂ ਮਿਲੀਆਂ ਹਨ ਜਿਸ ਤੋਂ ਬਾਅਦ ਕੇਂਦਰੀ ਸੁਰੱਖਿਆ ਏਜੰਸੀ ਸੀਆਈਐੱਸਐੱਫ ਅਤੇ ਪੰਜਾਬ ਪੁਲੀਸ ਨੇ ਉੱਥੇ ਸੁਰੱਖਿਆ ਸਖ਼ਤ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਪੁਲੀਸ ਨੇ ਇਸ ਮਾਮਲੇ ’ਚ ਹਰਿਆਣਾ ਦੇ ਫਰੀਦਾਬਾਦ ਤੋਂ ਸ਼ੁਭਮ ਦੂਬੇ ਨਾਂ ਦੇ ਵਿਅਕਤੀ ਨੂੰ ਕਾਬੂ ਕਰ ਕੇ ਉਸਦਾ ਲੈਪਟਾਪ ਅਤੇ ਮੋਬਾਈਲ ਜ਼ਬਤ ਕਰ ਲਿਆ ਹੈ ਅਤੇ ਫੋਰੈਂਸਿਕ ਵਿਸ਼ਲੇਸ਼ਣ ਲਈ ਭੇਜ ਦਿੱਤਾ ਹੈ। ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਸਾਈਬਰ ਅਤੇ ਤਕਨੀਕੀ ਜਾਂਚ ਦੂਜੇ ਰਾਜਾਂ ਤੱਕ ਫੈਲੀ ਹੋਣ ਕਰਕੇ ਇਹ ਸਮਾਂ ਲੈਣ ਵਾਲੀ ਜਾਂਚ ਪ੍ਰਕਿਰਿਆ ਹੈ।