‘ਹੌਂਕੇ ਭਰਨ ਕੁਆਰੇ’: ਛੜਿਆਂ ਨੇ ਵਿਆਹ ਕਰਵਾਉਣ ਲਈ ਸਰਪੰਚ ਨੂੰ ਦਿੱਤਾ ਮੰਗ ਪੱਤਰ
ਸਰਪੰਚਾਂ ਨੂੰ ਅਕਸਰ ਪਿੰਡਾਂ ਵਿਚ ਵਿਕਾਸ ਕਾਰਜਾਂ ਅਤੇ ਹੋਰ ਵੱਖ-ਵੱਖ ਮੰਗਾਂ ਸਬੰਧੀ ਬੇਨਤੀ ਪੱਤਰ ਦਿੱਤੇ ਜਾਣਾ ਆਮ ਗੱਲ ਹੈ। ਪਰ ਸੂਬੇ ਦੇ ਮੋਗਾ ਜ਼ਿਲ੍ਹੇ ਵਿੱਚ ਇੱਕ ਸਰਪੰਚ ਕੋਲ ਅਜਿਹਾ ਮੰਗ ਪੱਤਰ ਪੁੱਜਿਆ ਹੈ ਜਿਸ ਨੇ ਸਰਪੰਚ ਨੂੰ ਸੋਚੀਂ ਪਾ ਦਿੱਤਾ ਹੈ। ਇਸ ਪੱਤਰ ਦੀ ਚਰਚਾ ਸੋਸ਼ਲ ਮੀਡੀਆ ਦੇ ਵੱਡੇ ਪੱਧਰ ’ਤੇ ਹੋ ਰਹੀ ਹੈ।
ਜਿਲ੍ਹੇ ਦੇ ਸਭ ਤੋਂ ਵੱਡੇ ਅਤੇ ਕਸਬਾ ਨੁਮਾ ਪਿੰਡ ਹਿੰਮਤਪੁਰਾ ਦੇ ਕੁਝ ਕੁਆਰੇ (ਛੜਿਆਂ) ਨੌਜਵਾਨਾਂ ਨੇ ਪਿੰਡ ਦੇ ਸਰਪੰਚ ਨੂੰ ਉਨ੍ਹਾਂ ਦੇ ਵਿਆਹ ਨਾ ਹੋਣ ਅਤੇ ਵਿਆਹਾਂ ਦਾ ਪ੍ਰਬੰਧ ਕਰਨ ਲਈ ਅਨੋਖਾ ਮੰਗ ਪੱਤਰ ਦਿੱਤਾ ਹੈ।
ਪਿੰਡ ਹਿੰਮਤਪੁਰਾ ਦੇ ਸਰਪੰਚ ਬਾਦਲ ਸਿੰਘ ਧਾਲੀਵਾਲ ਨੇ ਸੰਪਰਕ ਕਰਨ ਉੱਤੇ ਪਿੰਡ ਦੇ ਕੁਝ ਕੁਆਰੇ (ਛੜਿਆਂ) ਵੱਲੋਂ ਮੰਗ ਪੱਤਰ ਦਿੱਤੇ ਜਾਣ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਕਰੀਬ 2 ਮਹੀਨੇ ਪਹਿਲਾਂ ਇਨ੍ਹਾਂ ਨੌਜਵਾਨਾਂ ਨੇ ਕਿਹਾ ਸੀ ਕਿ ਸਾਡੀ ਇੱਕ ਸਾਂਝੀ ਮੰਗ ਹੈ ਅਸੀਂ ਤੁਹਾਨੂੰ ਲਿਖਤੀ ਰੂਪ ਵਿਚ ਮੰਗਾਂ ਦੇਣੀਆਂ ਹਨ। ਉਨ੍ਹਾਂ ਕਿਹਾ ਕਿ ਦੋ ਮਹੀਨੇ ਬਾਅਦ ਇਹ ਮੰਗ ਪੱਤਰ ਪਤਾ ਨਹੀਂ ਕਿਵੇਂ ਵਾਇਰਲ ਹੋ ਗਿਆ।
ਪਿੰਡ ਦੇ ਇਨ੍ਹਾਂ ਕੁਆਰੇ ਨੌਜਵਾਨਾਂ ਨੇ ਸਰਪੰਚ ਨੂੰ ਪੱਤਰ ਵਿਚ ਦੱਸਿਆ ਕਿ ਹੈ ਕਿ ਅਸੀਂ ਵਿਆਹ ਕਰਵਾਉਣਾ ਚਾਹੁੰਦੇ ਹਾਂ ਸਾਨੂੰ ਕੋਈ ਰਿਸ਼ਤਾ ਨਹੀਂ ਕਰ ਰਿਹਾ ਅਸੀ ਬਹੁਤ ਦੁਖੀ ਹਾਂ। ਸਾਨੂੰ ਲੋਕ ਛੜੇ ਕਹਿ ਕੇ ਤੰਗ ਪਰੇਸ਼ਾਨ ਕਰ ਰਹੇ ਹਨ। ਸਾਡੀ ਮੰਗ ਹੈ ਕਿ ਜਲਦੀ ਤੋ ਜਲਦੀ ਰਿਸ਼ਤੇ ਲੱਭ ਕੇ ਵਿਆਹ ਕਰਵਾਏ ਜਾਣ।
ਸਰਪੰਚ ਨੂੰ ਵੋਟਰਾਂ ਦੀ ਗਿਣਤੀ ਵਧਣ ਦਾ ਦਿੱਤਾ ਲਾਲਚ
ਮੰਗ ਪੱਤਰ ਦੇਣ ਵਾਲੇ ਨੌਜਵਾਨਾਂ ਨੇ ਆਪਣੇ ਪੱਤਰ ਵਿੱਚ ਸਰਪੰਚ ਨੂੰ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਵਿਆਹ ਕਰਵਾਉਣ ਨਾਲ ਪਿੰਡ ਵਿਚ ਵੋਟਰਾਂ ਦੀ ਗਿਣਤੀ ਵਿਚ ਵਾਧਾ ਹੋਵੇਗਾ। ਉਨ੍ਹਾਂ ਕਿਹਾ ਇਸ ਨਾਲ ਪਿੰਡ ਦੇ ਕੰਮ ਹੁੰਦੇ ਰਹਿਣੇ ਸਾਡੇ ਮੰਗ ਨੂੰ ਪਹਿਲ ਦੇ ਅਧਾਰ ਉੱਤੇ ਵਿਚਾਰਿਆ ਜਾਵੇ। ਛੜੇ ਨੌਜਵਾਨਾਂ ਨੇ ਇਹ ਚਿਤਾਵਨੀ ਵੀ ਦਿੱਤੀ ਹੈ ਕਿ ਜੇ ਮੰਗ ਪੂਰੀ ਨਹੀਂ ਹੁੰਦੀ ਤਾਂ ਉਹ ਸੰਘਰਸ਼ ਲਈ ਮਜ਼ਬੂਰ ਹੋਣਗੇ।
ਪੁਰਾਣੇ ਸਮੇਂ ਵਿੱਚ ਛੜਿਆਂ ਦਾ ਘਰ ਵਿੱਚ ਸੀ ਵਿਸ਼ੇਸ਼ ਦਬਦਬਾ
ਜ਼ਿਕਰਯੋਗ ਹੈ ਕਿ ਪੁਰਾਣੇ ਸਮਿਆਂ ਦੌਰਾਨ ਇੱਕ ਪਰਵਾਰ ਵਿੱਚ ਸੱਤ-ਅੱਠ ਭੈਣ-ਭਰਾ ਹੋਣੇ ਆਮ ਗੱਲ ਸੀ। ਪਰਵਾਰ ਇਕੱਠਾ ਤੇ ਆਮਦਨ ਸਾਂਝੀ ਹੁੰਦੀ। ਜਦੋਂ ਜ਼ਮੀਨ ਦੀ ਵੰਡ ਦੀ ਨੌਬਤ ਆਉਂਦੀ ਤਾਂ ਵੱਡੇ ਬਜ਼ੁਰਗਾਂ ਦੀ ਮਾਨਸਿਕਤਾ ਅਜਿਹੀ ਹੁੰਦੀ ਕਿ ਜ਼ਮੀਨ ਨੂੰ ਕਿਵੇਂ ਬਚਾਈਏ ਅਤੇ ਉਹ ਇੱਕ ਦੋ ਪੁੱਤਰਾਂ ਨੂੰ ਕੁਆਰੇ ਜਾਂ ਛੜੇ ਰੱਖਣ ਵਿੱਚ ਪਰਵਾਰ ਦੀ ਭਲਾਈ ਸਮਝਦੇ ਸਲ। ਹਾਲਾਂਕਿ ਉਨ੍ਹਾ ਸਮਿਆਂ ਦੋਰਾਨ ਕੁਆਰੇ(ਛੜਿਆਂ) ਪੂਰੇ ਪਰਿਵਾਰ ‘ਤੇ ਰੋਹਬ ਰੱਖਦੇ ਤੇ ਅੱਡ ਹੋ ਕੇ ਜ਼ਮੀਨ ਸ਼ਰੀਕਾਂ ਨੂੰ ਦੇ ਦੇਣ ਦਾ ਦਬਕਾ ਵੀ ਮਾਰਦੇ ਸਨ।
ਪਰ ਅਜੋਕੇ ਸਮੇਂ ਵਿੱਚ ਛੜਾ ਹੋਣਾ ਨੌਜਵਾਨਾ ਲਈ ਕਿਸੇ ਬੋਝ ਤੋਂ ਘੱਟ ਨਹੀਂ ਹੈ, ਇਹੋ ਕਾਰਨ ਹੋ ਸਕਦਾ ਹੈ ਕਿ ਹਿੰਮਤਪੁਰਾ ਦੇ ਨੌਜਵਾਨਾਂ ਨੂੰ ਵਿਆਹ ਕਰਵਾਉਣ ਲਈ ਸਰਪੰਚ ਨੂੰ ਮੰਗ ਪੱਤਰ ਦੇਣਾ ਪਿਆ।