ਜੋਗਿੰਦਰ ਸਿੰਘ ਮਾਨ
ਮਾਨਸਾ, 23 ਜਨਵਰੀ
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ 9ਵਾਂ ਗੀਤ ‘ਲੌਕ’ ਅੱਜ ਰਿਲੀਜ਼ ਹੋ ਗਿਆ ਹੈ। ਇਹ ਗੀਤ ਰਿਲੀਜ਼ ਹੋਣ ਤੋਂ ਪਹਿਲਾਂ ਹੀ ਇਸ ਦੇ ਫੀਚਰ ਨੂੰ ਇੱਕ ਹਫ਼ਤੇ ਦੌਰਾਨ 1.5 ਮਿਲੀਅਨ ਵਿਊ ਮਿਲ ਚੁੱਕੇ ਹਨ। ਗੀਤ ਦੇ ਰਿਲੀਜ਼ ਹੋਣ ਤੋਂ ਬਾਅਦ ਅੱਧੇ ਘੰਟੇ ਵਿੱਚ 5 ਲੱਖ ਲੋਕਾਂ ਵੱਲੋਂ ਨੂੰ ਇਸ ਨੂੰ ਦੇਖਿਆ ਗਿਆ ਹੈ। ਇਹ ਮੂਸੇਵਾਲਾ ਦਾ ਇਸ ਸਾਲ ਦਾ ਪਹਿਲਾ ਗੀਤ ਹੈ। ਇਸ ਤੋਂ ਪਹਿਲਾਂ ਮੂਸੇਵਾਲਾ ਦੀ ਮੌਤ ਤੋਂ ਬਾਅਦ 8 ਗੀਤ ਰਿਲੀਜ਼ ਹੋ ਚੁੱਕੇ ਹਨ।
ਇਸ ਗੀਤ ਦੀ ਵੀਡੀਓ ਵਿੱਚ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਇੱਕ ਹੀਰੋ ਦੀ ਤਰ੍ਹਾਂ ਨਜ਼ਰ ਆ ਰਹੇ ਹਨ। ਸਿੱਧੂ ਮੂਸੇਵਾਲਾ ਦੀ ਸ਼ਕਲ ਉਸ ਦੇ ਪਿਤਾ ਬਲਕੌਰ ਸਿੰਘ ’ਚ ਦਿਖਾਈ ਦੇ ਰਹੀ ਹੈ। ਗੀਤ ‘ਲੌਕ’ ਨੂੰ ਪ੍ਰਸਿੱਧ ਮਿਊਜ਼ਿਕ ਪ੍ਰੋਡਿਊਸਰ ਕੰਪਨੀ ‘ਡਾ ਕਿਡ’ ਕੰਪਨੀ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈੈ, ਜੋ ਪਹਿਲਾਂ ਵੀ ਸਿੱਧੂ ਮੂਸੇਵਾਲਾ ਦੇ ਕਈ ਗੀਤ ਪ੍ਰੋਡਿਊਸ ਕਰ ਚੁੱਕੀ ਹੈ। ਸਿੱਧੂ ਮੂਸੇਵਾਲਾ ਦੀ 29 ਮਈ, 2022 ਨੂੰ ਮਾਨਸਾ ਨੇੜਲੇ ਪਿੰਡ ਜਵਾਹਰਕੇ ਵਿਖੇ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
ਮੂਸੇਵਾਲਾ ਦੀ ਮੌਤ ਤੋਂ ਬਾਅਦ 23 ਜੂਨ, 2022 ਨੂੰ ਉਸ ਦਾ ਪਹਿਲਾ ਗੀਤ ‘ਐਸਵਾਈਐਲ’ ਰਿਲੀਜ਼ ਹੋਇਆ। ਉਸ ਦਾ ਦੂਜਾ ਗੀਤ ‘ਵਾਰ’ 8 ਨਵੰਬਰ, 2022 ਨੂੰ ਰਿਲੀਜ਼ ਹੋਇਆ। ਤੀਜਾ ਗੀਤ ‘ਮੇਰਾ ਨਾਂ’ 7 ਅਪਰੈਲ, 2023 ਨੂੰ ਰਿਲੀਜ਼ ਹੋਇਆ। ਮੂਸੇਵਾਲਾ ਦੇ ਚੌਥੇ ਗੀਤ ਦਾ ਸਿਰਲੇਖ ‘ਚੋਰਨੀ’ ਸੀ, ਜੋ 7 ਜੁਲਾਈ, 2023 ਨੂੰ ਰਿਲੀਜ਼ ਹੋਇਆ ਸੀ। ਉਸ ਦਾ ਪੰਜਵਾਂ ਗੀਤ ‘ਵਾਚ ਆਊਟ’ ਸੀ, ਜੋ 12 ਨਵੰਬਰ, 2023 ਨੂੰ ਰਿਲੀਜ਼ ਹੋਇਆ। ਸਿੱਧੂ ਮੂਸੇਵਾਲਾ ਦਾ ਛੇਵਾਂ ਗੀਤ ‘ਡਰਿੰਪੀ’ 2 ਫਰਵਰੀ, 2024, ਸੱਤਵਾਂ ਗੀਤ 4:10 11 ਅਪਰੈਲ 2024 ਅਤੇ 8ਵਾਂ ਗੀਤ ‘ਅਟੈਚ’ 30 ਅਗਸਤ, 2024 ਨੂੰ ਰਿਲੀਜ਼ ਹੋਇਆ ਸੀ। ਹੁਣ ਮੂਸੇਵਾਲਾ ਦਾ 9ਵਾਂ ਗੀਤ ‘ਲੌਕ’ 23 ਜਨਵਰੀ ਨੂੰ ਰਿਲੀਜ਼ ਕੀਤਾ ਗਿਆ ਹੈ।