ਸਿੱਧੂ ਮੂਸੇਵਾਲਾ: ਮੁਲਜ਼ਮਾਂ ਨੂੰ ਪੇਸ਼ ਨਾ ਕਰਨ ’ਤੇ ਜੇਲ੍ਹ ਸੁਪਰਡੈਂਟਾਂ ਨੂੰ ਤਾੜਨਾ
ਪੱਤਰ ਪ੍ਰੇਰਕ
ਮਾਨਸਾ, 12 ਜੁਲਾਈ
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਅੱਜ ਕਿਸੇ ਵੀ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਨਹੀਂ ਕੀਤਾ ਗਿਆ। ਇਸ ਸਬੰਧੀ ਮਾਨਸਾ ਦੇ ਚੀਫ਼ ਜੁਡੀਸ਼ਲ ਮੈਜਿਸਟਰੇਟ (ਸੀਜੇਐੱਮ) ਨੇ ਜੇਲ੍ਹ ਪ੍ਰਸ਼ਾਸਨ ਨੂੰ ਅਗਲੀ ਪੇਸ਼ੀ 26 ਜੁਲਾਈ ਦੌਰਾਨ ਸਾਰੇ ਮੁਲਜ਼ਮਾਂ ਨੂੰ ਸਰੀਰਕ ਤੌਰ ’ਤੇ ਜਾਂ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਕਰਨ ਦੇ ਮੁੜ ਤੋਂ ਨਿਰਦੇਸ਼ ਦਿੱਤੇ ਹਨ। ਮਾਨਸਾ ਦੀ ਸੀਜੇਐੱਮ ਸੁਰਭੀ ਪਰਾਸ਼ਰ ਨੇ ਹੁਕਮ ਜਾਰੀ ਕਰਦਿਆਂ ਕਿਹਾ ਕਿ ਮੌਜੂਦਾ ਕੇਸ ਵਿੱਚ ਹਿਰਾਸਤ ’ਚ ਲਏ ਸਾਰੇ ਵਿਅਕਤੀਆਂ ਨੂੰ ਜੇਲ੍ਹ ਪ੍ਰਸ਼ਾਸਨ ਵੱਲੋਂ ਅੱਜ ਪੇਸ਼ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੇਲ੍ਹਾਂ ਦੇ ਸੁਪਰਡੈਂਟ ਪ੍ਰੋਡਕਸ਼ਨ ਵਾਰੰਟ ਰਾਹੀਂ 26 ਜੁਲਾਈ ਨੂੰ ਇਨ੍ਹਾਂ ਮੁਲਜ਼ਮਾਂ ਨੂੰ ਸਰੀਰਕ ਜਾਂ ਵਰਚੁਅਲ ਮੋਡ ਰਾਹੀਂ ਪੇਸ਼ ਕਰਨ। ਅੱਜ ਸੁਣਵਾਈ ਦੌਰਾਨ ਕਿਸੇ ਵੀ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਨਾ ਕਰਨ ’ਤੇ ਜੱਜ ਨੇ ਸਖ਼ਤੀ ਨਾਲ ਜੇਲ੍ਹ ਅਧਿਕਾਰੀਆਂ ਨੂੰ ਅਗਲੀ ਸੁਣਵਾਈ ’ਤੇ ਸਾਰੇ ਮੁਲਜ਼ਮਾਂ ਨੂੰ ਪੇਸ਼ ਕਰਨ ਲਈ ਕਿਹਾ ਹੈ। ਪਿਛਲੀ ਪੇਸ਼ੀ ’ਤੇ ਵੀਡੀਓ ਕਾਨਫਰੰਸ ਰਾਹੀਂ ਪਵਨ ਨਹਿਰਾ, ਦੀਪਕ ਮੁੰਡੀ, ਨਸੀਬ ਦੀਨ, ਮਨਪ੍ਰੀਤ, ਕਸ਼ਿਸ, ਸੰਦੀਪ, ਬਿੱਟੂ, ਮੋਨੂ ਡਾਗਰ, ਜਗਤਾਰ, ਪ੍ਰਭਦੀਪ, ਅੰਕਿਤ ਸੇਰਸਾ, ਕੇਸ਼ਵ, ਚਰਨਜੀਤ ਤੇ ਅਰਸ਼ਦ ਨੇ ਪੇਸ਼ੀ ਭੁਗਤੀ ਸੀ।