ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਦਿੱਲੀ ਵਿੱਚ ਕਾਂਗਰਸੀ ਆਗੂ ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਤੋਂ ਬਾਅਦ ਸ੍ਰੀ ਸਿੱਧੂ ਨੇ ਪ੍ਰਿਯੰਕਾ ਗਾਂਧੀ ਨਾਲ ਤਸਵੀਰ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ। ਉਨ੍ਹਾਂ ਤਸਵੀਰ ਸਾਂਝਾ ਕਰਦਿਆਂ ਆਖਿਆ ਕਿ, ‘‘ਮੈਂ ਅੱਜ ਆਪਣੀ ਮਾਰਗ ਦਰਸ਼ਕ ਨਾਲ ਮੁਲਾਕਾਤ ਕੀਤੀ। ਮੁਸ਼ਕਲ ਅਤੇ ਚੁਣੌਤੀਪੂਰਨ ਸਮੇਂ ’ਚ ਸਾਥ ਦੇਣ ਲਈ ਮੈਂ ਪ੍ਰਿਯੰਕਾ ਗਾਂਧੀ ਅਤੇ ਉਸ ਦੇ ਭਰਾ ਦਾ ਧੰਨਵਾਦੀ ਹਾਂ।’’
ਪੰਜਾਬ ਦੀ ਸਿਆਸਤ ਲਈ ਇਸ ਮੁਲਾਕਾਤ ਨੂੰ ਇਸ ਕਰ ਕੇ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਨਵਜੋਤ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਹਾਲ ਹੀ ਵਿੱਚ ਅੰਮ੍ਰਿਤਸਰ ਤੋਂ ਚੋਣ ਲੜਨ ਦਾ ਐਲਾਨ ਕੀਤਾ ਹੈ। ਉਹ ਲੋਕਾਂ ਨਾਲ ਸੰਪਰਕ ਵੀ ਸ਼ੁਰੂ ਕਰ ਚੁੱਕੇ ਹਨ। ਪੰਜਾਬ ਵਿੱਚ 2027 ’ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਸ੍ਰੀ ਸਿੱਧੂ ਦੀ ਇਸ ਮੁਲਾਕਾਤ ਦੇ ਕਈ ਅਰਥ ਕੱਢੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਪੰਜਾਬ ਕਾਂਗਰਸ ’ਚ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਸਣੇ ਕਥਿਤ ਤੌਰ ’ਤੇ ਕਈ ਧੜੇ ਸਰਗਰਮ ਹਨ।