ਇੱਥੋਂ ਨੇੜਲੇ ਪਿੰਡ ਉੱਚਾ ਦੇ ਰਹਿਣ ਵਾਲੇ ਭੈਣ-ਭਰਾ ਦੀ ਅੱਜ ਵੇਈਂ ’ਚ ਵਹਿਣ ਕਾਰਨ ਮੌਤ ਹੋ ਗਈ। ਮੀਂਹ ਕਾਰਨ ਵੇਈਂ ’ਚ ਪਾਣੀ ਕਾਫੀ ਚੜ੍ਹਿਆ ਹੋਇਆ ਸੀ। ਮ੍ਰਿਤਕਾਂ ਦੀ ਪਛਾਣ ਸੰਦੀਪ ਕੁਮਾਰ (37) ਅਤੇ ਉਸ ਦੀ ਭੈਣ ਪ੍ਰੀਤੀ (27) ਵਜੋਂ ਹੋਈ ਹੈ। ਦੋਵੇਂ ਮਜ਼ਦੂਰੀ ਕਰਦੇ ਸਨ। ਸੰਦੀਪ ਦਾ ਇੱਕ ਲੜਕਾ ਵੀ ਹੈ। ਸੰਦੀਪ ਆਪਣੀ ਬਿਮਾਰ ਭੈਣ ਪ੍ਰੀਤੀ ਨੂੰ ਦਵਾਈ ਦਿਵਾਉਣ ਲਈ ਸਾਈਕਲ ’ਤੇ ਪਿੰਡ ਰਾਣੀਪੁਰ ਲੈ ਕੇ ਜਾ ਰਿਹਾ ਸੀ। ਜਦੋਂ ਉਹ ਪਿੰਡ ਦੁੱਗਾ ਤੇ ਜਗਪਾਲਪੁਰ ਵਿਚਾਲੇ ਪੈਂਦੀ ਵੇਈਂ ’ਤੇ ਪੁੱਜੇ ਤਾਂ ਟੋਏ ਕਾਰਨ ਸਾਈਕਲ ਬੇਕਾਬੂ ਹੋ ਗਿਆ ਤੇ ਦੋਵੇਂ ਵੇਈਂ ਵਿੱਚ ਡਿੱਗ ਪਏ। ਨੇੜਲੇ ਲੋਕਾਂ ਨੂੰ ਇਸ ਬਾਰੇ ਪਤਾ ਲੱਗਣ ਮਗਰੋਂ ਉਨ੍ਹਾਂ ਦੋਵਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਪਰ ਡਾਕਟਰਾਂ ਨੇ ਇਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਸਿਵਲ ਹਸਪਤਾਲ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਪੁਲੀਸ ਨੇ ਸੰਦੀਪ ਅਤੇ ਪ੍ਰੀਤੀ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।