ਕਰਮਜੀਤ ਸਿੰਘ ਚਿੱਲਾ
ਮੁਹਾਲੀ ਪੁਲੀਸ ਨੇ ਇੱਥੋਂ ਦੇ ਸੈਕਟਰ 66 ਸਥਿਤ ਅਦਾਕਾਰ ਕੁਲਜਿੰਦਰ ਸਿੱਧੂ ਦੀ ਭਾਈਵਾਲੀ ਵਾਲੇ ਗਹਿਣਿਆਂ ਦੇ ਸ਼ੋਅਰੂਮ (ਜੇਸ਼ਾਈਨ ਸੌਕ ਪ੍ਰਾਈਵੇਟ ਲਿਮਟਿਡ) ’ਚੋਂ ਕਰੋੜਾਂ ਰੁਪਏ ਦੇ ਗਹਿਣੇ ਚੋਰੀ ਹੋਣ ਦਾ ਮਾਮਲਾ ਸੁਲਝਾ ਲਿਆ ਹੈ। ਪੁਲੀਸ ਨੇ ਇਸ ਮਾਮਲੇ ਵਿੱਚ ਸ਼ੋਅਰੂਮ ਦੇ 47 ਸਾਲਾ ਮੈਨੇਜਰ ਨੂੰ ਗ੍ਰਿਫ਼ਤਾਰ ਕਰ ਕੇ ਉਸ ਕੋਲੋਂ 1 ਕਰੋੜ 28 ਲੱਖ 50 ਹਜ਼ਾਰ ਰੁਪਏ ਦੀ ਕੀਮਤ ਦੇ ਸੋਨੇ ਅਤੇ ਡਾਇਮੰਡ ਦੇ ਗਹਿਣੇ ਬਰਾਮਦ ਕੀਤੇ ਹਨ। ਐੱਸ ਪੀ ਸਿਟੀ ਦਿਲਪ੍ਰੀਤ ਸਿੰਘ ਨੇ ਦੱਸਿਆ ਕਿ 3 ਨਵੰਬਰ ਨੂੰ ਵਿਕਰਮ ਸਿੰਘ ਸੰਧੂ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਗਿਆ ਸੀ। ਜ਼ਿਲ੍ਹਾ ਪੁਲੀਸ ਮੁਖੀ ਹਰਮਨਦੀਪ ਸਿੰਘ ਹਾਂਸ ਦੀਆਂ ਹਦਾਇਤਾਂ ’ਤੇ ਡੀ ਐੱਸ ਪੀ ਸਿਟੀ-2 ਹਰਸਿਮਰਨ ਸਿੰਘ ਬੱਲ ਅਤੇ ਡੀ ਐੱਸ ਪੀ ਜਾਂਚ ਰਾਜਨ ਪਰਮਿੰਦਰ ਸਿੰਘ ਦੀ ਨਿਗਰਾਨੀ ਹੇਠ ਸੀ ਆਈ ਏ ਅਤੇ ਥਾਣਾ ਆਈ ਟੀ ਸਿਟੀ ਦੀਆਂ ਟੀਮਾਂ ਗਠਿਤ ਕੀਤੀਆਂ ਗਈਆਂ ਸਨ। ਟੀਮਾਂ ਨੇ ਜਾਂਚ ਕਰਦਿਆਂ ਸ਼ੋਅਰੂਮ ਵਿੱਚ ਪਿਛਲੇ ਚਾਰ ਸਾਲਾਂ ਤੋਂ ਬਤੌਰ ਮੈਨੇਜਰ ਕੰਮ ਕਰਦੇ ਦੀਪਕ ਕੁਮਾਰ ਭਾਰਦਵਾਜ ਵਾਸੀ ਸਨੀ ਐਨਕਲੇਵ, ਖਰੜ ਨੂੰ ਨਾਮਜ਼ਦ ਕਰ ਕੇ ਗ੍ਰਿਫ਼ਤਾਰ ਕਰ ਲਿਆ। ਪੁਲੀਸ ਨੇ ਮੁਲਜ਼ਮ ਦੀਪਕ ਕੋਲੋਂ 48 ਟੌਪਸ, 61 ਸੋਨੇ ਦੀਆਂ ਮੁੰਦਰੀਆਂ, 2 ਚਾਂਦੀ ਦੀਆਂ ਮੁੰਦਰੀਆਂ, 9 ਲੌਕਟ, 4 ਪੈਨਡੈਂਟ, 2 ਨੈੱਕਲੈਸ ਅਤੇ 2 ਚੂੜੀਆਂ ਬਰਾਮਦ ਕੀਤੀਆਂ ਹਨ। ਅਧਿਕਾਰੀਆਂ ਮੁਤਾਬਕ ਮੁਲਜ਼ਮ ਪੁਲੀਸ ਰਿਮਾਂਡ ਅਧੀਨ ਹੈ ਅਤੇ ਉਸ ਕੋਲੋਂ ਡੀ ਵੀ ਆਰ, ਨਕਦੀ ਅਤੇ ਈ ਪੀ ਏ ਬੀ ਐਕਸ ਮਸ਼ੀਨ ਦੀ ਬਰਾਮਦਗੀ ਕਰਵਾਈ ਜਾ ਰਹੀ ਹੈ।

