ਹਰਪ੍ਰੀਤ ਕੌਰ
ਲੰਘੀ ਰਾਤ ਨੂੰ ਸ਼ਹਿਰ ਦੇ ਮਾਡਲ ਟਾਊਨ ਇਲਾਕੇ ’ਚ ਦੋ ਨਕਾਬਪੋਸ਼ ਮੋਟਰਸਾਈਕਲ ਸਵਾਰਾਂ ਨੇ ਸੋਸ਼ਲ ਮੀਡੀਆ ਇਨਫ਼ਲੂਐਂਸਰ ਸਿਮਰਨ ਸਿਕੰਦ ਉਰਫ ਸੈਮ ਦੇ ਘਰ ’ਤੇ ਗੋਲੀਆਂ ਚਲਾਈਆਂ ਹਨ। ਹਮਲਾਵਰ ਪੌਣੇ ਇੱਕ ਵਜੇ ਦੇ ਕਰੀਬ ਆਏ ਅਤੇ ਘਰ ਦੇ ਗੇਟ ਦੇ ਬਾਹਰ ਦੋ ਰਾਉਂਡ ਫ਼ਾਇਰ ਕਰਕੇ ਫ਼ਰਾਰ ਹੋ ਗਏ। ਸੀਸੀਟੀਵੀ ਫੁਟੇਜ ਤੋਂ ਪਤਾ ਲੱਗਿਆ ਕਿ ਇੱਕ ਵਿਅਕਤੀ ਨੇ ਮੋਟਰਸਾਈਕਲ ਸਟਾਰਟ ਰੱਖਿਆ ਅਤੇ ਦੂਜੇ ਨੇ ਫ਼ਾਇਰਿੰਗ ਕੀਤੀ। ਸਿਮਰਨ ਸਿਕੰਦ ਨੇ ਦੱਸਿਆ ਕਿ ਉਸ ’ਤੇ ਅਤੇ ਉਸ ਦੇ ਪਰਿਵਾਰ ’ਤੇ ਛੇ ਤੋਂ ਸੱਤ ਵਾਰ ਪਹਿਲਾਂ ਵੀ ਹਮਲਾ ਹੋ ਚੁੱਕਿਆ ਹੈ। ਮਾਰਚ ਮਹੀਨੇ ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਭੱਟੀ ਨੇ ਉਸ ਨੂੰ ਗ੍ਰਨੇਡ ਹਮਲੇ ਦੀ ਵੀ ਧਮਕੀ ਦਿੱਤੀ ਸੀ। ਇਸ ਪਿੱਛੋਂ ਉਸ ਦੇ ਘਰ ਦੇ ਬਾਹਰ ਪੁਲੀਸ ਦੀ ਗੱਡੀ ਅਤੇ ਚਾਰ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ, ਮੁੜ ਦੋ ਨੂੰ ਹਟਾ ਲਿਆ ਗਿਆ। ਉਸ ਨੇ ਦੱਸਿਆ ਕਿ ਜਿਹੜਾ ਸੁਰੱਖਿਆ ਕਰਮੀ ਰਾਤ ਨੂੰ ਤਾਇਨਾਤ ਸੀ, ਉਹ ਵਿਕਲਾਂਗ ਹੈ ਜਿਸ ਕਾਰਨ ਉਹ ਹਮਲਾਵਰਾਂ ਦਾ ਪਿੱਛਾ ਨਹੀਂ ਕਰ ਸਕਿਆ। ਉਸ ਨੇ ਦੱਸਿਆ ਕਿ ਉਹ ਸੁਰੱਖਿਆ ਨੂੰ ਲੈ ਕੇ ਕਈ ਵਾਰ ਆਪਣੀ ਚਿੰਤਾ ਪੁਲੀਸ ਅਧਿਕਾਰੀ ਕੋਲ ਜ਼ਾਹਿਰ ਕਰ ਚੁੱਕਿਆ ਹੈ, ਪਰ ਇਸ ਦੇ ਬਾਵਜੂਦ ਉਸ ਨੂੰ ਲੋੜੀਂਦੀ ਸੁਰੱਖਿਆ ਮੁਹੱਈਆ ਨਹੀਂ ਕਰਵਾਈ ਜਾ ਰਹੀ। ਮਾਡਲ ਟਾਊਨ ਪੁਲੀਸ ਨੇ ਸ਼ਿਕਾਇਤ ਦਰਜ ਕਰਕੇ ਕੇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਮਾਰਚ ਮਹੀਨੇ ਸ਼ਹਿਜ਼ਾਦ ਭੱਟੀ ਨੇ ਜਲੰਧਰ ਵਿਖੇ ਹੋਏ ਗ੍ਰਨੇਡ ਹਮਲੇ ਦੀ ਜ਼ਿੰਮੇਵਾਰੀ ਲਈ ਸੀ ਅਤੇ ਉਸ ਤੋਂ ਬਾਅਦ ਸਿਮਰਨ ਸਿਕੰਦ ਨੂੰ ਗ੍ਰਨੇਡ ਹਮਲੇ ਦੀ ਇੱਕ ਆਡੀਓ ਅਤੇ ਵੀਡੀਓ ਕਾਲ ਰਾਹੀਂ ਧਮਕੀ ਵੀ ਦਿੱਤੀ ਸੀ। ਰਾਤ ਦੀ ਘਟਨਾ ਨਾਲ ਜਿੱਥੇ ਸਿਮਰਨ ਸਿਕੰਦ ਦੇ ਪਰਿਵਾਰ ਵਿਚ ਸਹਿਮ ਪਾਇਆ ਜਾ ਰਿਹਾ ਹੈ ਉੱਥੇ ਇਲਾਕੇ ’ਚ ਵੀ ਦਹਿਸ਼ਤ ਫ਼ੈਲ ਗਈ ਹੈ।