ਜਸਬੀਰ ਸਿੰਘ ਚਾਨਾ
ਪਿੰਡ ਦਰਵੇਸ਼ ਵਿੱਚ ਲੰਘੀ ਰਾਤ ਕੁਝ ਨੌਜਵਾਨਾਂ ਨੇ ‘ਆਪ’ ਦੇ ਸੀਨੀਅਰ ਆਗੂ ਦਲਜੀਤ ਰਾਜੂ ਦੇ ਘਰ ’ਤੇ ਗੋਲੀਆਂ ਚਲਾਈਆਂ ਅਤੇ ਫ਼ਰਾਰ ਹੋ ਗਏ। ਵਾਰਦਾਤ ਵਿੱਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੇਰ ਰਾਤ ਕਰੀਬ ਸਵਾ ਇਕ ਵਜੇ ਦੇ ਕਰੀਬ ਮੋਟਰਸਾਈਕਲ ’ਤੇ ਦੋ ਨੌਜਵਾਨ ਆਏ।
ਉਨ੍ਹਾਂ ਨੇ ਆਪਣਾ ਮੋਟਰਸਾਈਕਲ ਪਿੱਛੇ ਖੜ੍ਹਾ ਕਰ ਦਿੱਤਾ ਅਤੇ ਪੈਦਲ ‘ਆਪ’ ਆਗੂ ਦੇ ਘਰ ਤੱਕ ਪੁੱਜੇ। ਇਸ ਦੌਰਾਨ ਉਨ੍ਹਾਂ ਨੇ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ ਅਤੇ ਲਗਪਗ 23 ਗੋਲੀਆਂ ਚਲਾਈਆਂ।
ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਕੋਆਰਡੀਨੇਟਰ ਦਲਜੀਤ ਰਾਜੂ ਨੇ ਦੱਸਿਆ ਕਿ ਉਹ ਆਪਣੇ ਘਰ ’ਚ ਸੌਂ ਰਿਹਾ ਸੀ, ਜਦੋਂ ਪਹਿਲਾਂ ਆਵਾਜ਼ਾਂ ਆਉਣੀਆਂ ਸ਼ੁਰੂ ਹੋਈਆਂ ਤਾਂ ਉਸ ਨੂੰ ਲੱਗਾ ਕਿ ਬਾਹਰ ਪਟਾਕੇ ਜਾਂ ਸ਼ਾਰਟ ਸਰਕਟ ਹੋਇਆ ਹੈ, ਜਦੋਂ ਉਸ ਦੇ ਘਰ ਦਾ ਸ਼ੀਸ਼ਾ ਟੁੱਟਿਆ ਤੇ ਹੋਰ ਥਾਵਾਂ ’ਤੇ ਗੋਲੀਆਂ ਲੱਗੀਆਂ ਤਾਂ ਉਸ ਨੇ ਦੇਖਿਆ ਕਿ ਬਾਹਰ ਦੋ ਵਿਅਕਤੀ ਗੋਲੀਆਂ ਚਲਾ ਰਹੇ ਸਨ, ਜੋ ਬਾਅਦ ’ਚ ਮੌਕੇ ਤੋਂ ਫ਼ਰਾਰ ਹੋ ਗਏ।
ਉਸ ਨੇ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ ਅਤੇ ਪੁਲੀਸ ਨੇ ਮੌਕੇ ਦਾ ਜਾਇਜ਼ਾ ਲਿਆ। ਅੱਜ ਸਵੇਰੇ ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ, ਸਾਬਕਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਡੀ ਆਈ ਜੀ ਨਵੀਨ ਸਿੰਗਲਾ, ਐੱਸ ਐੱਸ ਪੀ ਗੌਰਵ ਤੂਰਾ, ‘ਆਪ’ ਦੇ ਨਸ਼ਾ ਮੁਕਤੀ ਮੋਰਚੇ ਦੇ ਕੋਆਡੀਨੇਟਰ ਬਲਤੇਜ ਪੰਨੂ, ਜੋਗਿੰਦਰ ਸਿੰਘ ਮਾਨ, ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਮੌਕੇ ’ਤੇ ਪੁੱਜੇ ਅਤੇ ਘਟਨਾ ’ਤੇ ਚਿੰਤਾ ਪ੍ਰਗਟਾਈ। ਐੱਸ ਪੀ ਮਾਧਵੀ ਸ਼ਰਮਾ ਨੇ ਦੱਸਿਆ ਕਿ ਮੌਕੇ ਤੋਂ ਖੋਲ ਬਰਾਮਦ ਹੋਏ ਹਨ। ਪਰਚੀ ਵੀ ਮਿਲੀ ਹੈ, ਜਿਸ ਵਿੱਚ ਫਿਰੌਤੀ ਮੰਗੀ ਗਈ ਹੈ। ਪੁਲੀਸ ਅਨੁਸਾਰ ਸੀ ਸੀ ਟੀ ਵੀ ਕੈਮਰੇ ਘੋਖੇ ਜਾ ਰਹੇ ਹਨ ਤੇ ਜਲਦੀ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ। ਦੂਜੇ ਪਾਸੇ ਡੀ ਆਈ ਜੀ ਨੇ ਦੱਸਿਆ ਕਿ ਕੇਸ ਨੂੰ ਹਰ ਪੱਖ ਤੋਂ ਵਾਚਿਆ ਜਾ ਰਿਹਾ ਹੈ। ਘਟਨਾ ਤੋਂ ਜਾਪਦਾ ਹੈ ਕਿ ਹਮਲਾਵਾਰ ਇਲਾਕੇ ਨਾਲ ਜਾਣੂ ਸਨ ਤੇ ਚਿਤਾਵਨੀ ਦੇਣ ਦੀ ਨੀਅਤ ਨਾਲ ਆਏ ਸਨ। ਮੌਕੇ ’ਤੇ ਫੋਰੈਂਸਿਕ ਟੀਮਾਂ ਨੇ ਵੀ ਪੁੱਜ ਕੇ ਜਾਂਚ ਕੀਤੀ।

