ਅੱਜ ਦਿਨ ਦਿਹਾੜੇ ਦੋ ਮੋਟਰ ਸਾਈਕਲ ਸਵਾਰ ਵਿਅਕਤੀਆਂ ਨੇ ਪਿੰਡ ਧੂਲਕਾ ਵਿੱਚ ਆਪਣੀ ਦੁਕਾਨ ’ਤੇ ਬੈਠੇ ਵਿਅਕਤੀ ਨੂੰ ਗੋਲੀਆਂ ਮਾਰ ਕੇ ਕਤਲ ਕਰ ਦੇਣ ਸਬੰਧੀ ਸੂਚਨਾ ਮਿਲੀ ਹੈ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਤਫ਼ਤੀਸ਼ ਆਰੰਭ ਦਿੱਤੀ ਹੈ
ਜਾਣਕਾਰੀ ਅਨੁਸਾਰ ਅੱਜ ਕਰੀਬ ਦੋ ਵਜੇ ਪਿੰਡ ਧੂਲਕਾ ਦਾ ਮਨਜੀਤ ਸਿੰਘ (65 ਸਾਲ) ਰੋਜ਼ਾਨਾ ਦੀ ਤਰ੍ਹਾਂ ਆਪਣੀ ਦੁਕਾਨ ਤੇ ਬੈਠਾ ਸੀ ਉਸ ਵਕਤ ਦੋ ਮੋਟਰ ਸਾਈਕਲ ਸਵਾਰ ਨੌਜਵਾਨਾ ਨੇ ਆਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਕਾਰਨ ਮਨਜੀਤ ਸਿੰਘ ਦੇ ਗੋਲੀ ਲੱਗਣ ਕਾਰਨ ਮੌਕੇ ’ਤੇ ਹੀ ਮੌਤ ਹੋ ਗਈ। ਪਰਿਵਾਰਕ ਮੈਂਬਰ ਕਿਸੇ ਪ੍ਰਕਾਰ ਦੀ ਕੋਈ ਗੱਲਬਾਤ ਕਰਨ ਨੂੰ ਤਿਆਰ ਨਹੀਂ। ਘਟਨਾ ਉਪਰੰਤ ਪੁਲੀਸ ਥਾਣਾ ਖਲਚੀਆ ਦਾ ਮੁਖੀ ਅਵਤਾਰ ਸਿੰਘ ਉੱਥੇ ਪੁਲੀਸ ਪਾਰਟੀ ਲੈ ਕਿ ਪੁੱਜ ਚੁੱਕਾ ਹੈ ਅਤੇ ਤਫ਼ਤੀਸ਼ ਕਰ ਰਹੇ ਹਨ।
ਉਨ੍ਹਾਂ ਦੱਸਿਆ ਕਿ ਮ੍ਰਿਤਕ ਦਾ ਲੜਕਾ ਲਖਵਿੰਦਰ ਸਿੰਘ ਇਟਲੀ ਤੋ ਆਇਆ ਸੀ ਜਿਸ ਤੋ ਕੁਝ ਲੋਕਾਂ ਵੱਲੋਂ ਫਿਰੌਤੀ ਦੀ ਮੰਗ ਕੀਤੀ ਗਈ ਸੀ ਜੋ ਨਾ ਦੇਣ ਕਾਰਨ ਗੈਂਗਸਟਰਾਂ ਨੇ ਗੋਲੀਆਂ ਮਾਰ ਕੇ ਅਜਿਹੀ ਘਟਨਾ ਨੂੰ ਅੰਜਾਮ ਦਿੱਤਾ।
ਪਿੰਡ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁੱਟਬਾਲ ਚੈੱਕ ਕਰਨ ’ਤੇ ਪਤਾ ਲੱਗਾ ਦੋ ਮੋਟਰ ਸਾਈਕਲ ਸਵਾਰ ਆਏ ਸਨ ਜਿਨ੍ਹਾਂ ਨੇ ਦੁਕਾਨ ਅੰਦਰ ਗੋਲੀਆਂ ਚਲਾਈਆਂ। ਜਿਸ ਸਬੰਧੀ ਪੁਲੀਸ ਥਾਣਾ ਖਲਚੀਆ ਵਿੱਚ ਕਤਲ ਦਾ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਦਿੱਤੀ ਗਈ ਹੈ।

