ਕੇਪੀ ਸਿੰਘ
ਇੱਥੇ ਦੇਰ ਰਾਤ ਤਿੰਨ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਟਰੈਵਲ ਏਜੰਟ ਦੇ ਘਰ ’ਤੇ ਗੋਲੀਆਂ ਚਲਾ ਦਿੱਤੀਆਂ। ਇਹ ਘਟਨਾ ਥਾਣਾ ਕਾਹਨੂੰਵਾਨ ਅਧੀਨ ਪਿੰਡ ਸਠਿਆਲੀ ਵਿੱਚ ਵਾਪਰੀ।
ਇਸ ਦੌਰਾਨ ਟਰੈਵਲ ਏਜੰਟ ਦੇ ਕਿਸੇ ਵੀ ਪਰਿਵਾਰਕ ਮੈਂਬਰ ਦਾ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਪਰ ਇਸ ਹਮਲੇ ਕਾਰਨ ਪਰਿਵਾਰ ਸਹਿਮਿਆ ਹੋਇਆ ਹੈ। ਪਿੰਡ ਵਿੱਚ ਵੀ ਅਚਾਨਕ ਹੋਈ ਗੋਲੀਬਾਰੀ ਕਾਰਨ ਦਹਿਸ਼ਤ ਦਾ ਮਾਹੌਲ ਹੈ, ਜਿਸ ਵੇਲੇ ਇਹ ਘਟਨਾ ਵਾਪਰੀ, ਉਸ ਸਮੇਂ ਟਰੈਵਲ ਏਜੰਟ ਸੂਰਜ ਮਸੀਹ ਆਪਣੇ ਘਰ ਵਿੱਚ ਨਹੀਂ ਸੀ ਤੇ ਸਿਰਫ਼ ਉਸ ਦੀ ਪਤਨੀ ਸ਼ਿਵਾਨੀ, ਛੋਟੀ ਬੱਚੀ ਅਤੇ ਪਰਿਵਾਰ ਦੇ ਬਾਕੀ ਮੈਂਬਰ ਹੀ ਸਨ। ਸ਼ਿਵਾਨੀ ਨੇ ਦੱਸਿਆ ਕਿ ਉਸ ਦਾ ਪਤੀ ਕਿਸੇ ਕੰਮ ਲਈ ਘਰ ਤੋਂ ਬਾਹਰ ਗਿਆ ਹੋਇਆ ਸੀ। ਰਾਤ ਕਰੀਬ 11 ਵਜੇ ਉਹ ਰਾਤ ਦਾ ਖਾਣਾ ਖਾਣ ਮਗਰੋਂ ਸੌਣ ਦੀ ਤਿਆਰੀ ਕਰ ਰਹੇ ਸਨ ਕਿ ਅਚਾਨਕ ਮੋਟਰਸਾਈਕਲ ’ਤੇ ਆਏ ਤਿੰਨ ਨਕਾਬਪੋਸ਼ਾਂ ਨੇ ਉਨ੍ਹਾਂ ਦੇ ਘਰ ਦੇ ਗੇਟ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਸਠਿਆਲੀ ਦੇ ਸਰਪੰਚ ਬਿਕਰਮ ਸਿੰਘ ਨੇ ਦੱਸਿਆ ਕਿ ਜਦੋਂ ਪਿੰਡ ਵਾਸੀ ਗੋਲੀਆਂ ਚਲਾਉਣ ਵਾਲੇ ਮੁਲਜ਼ਮਾਂ ਦਾ ਪਿੱਛਾ ਕਰਨ ਲੱਗੇ ਤਾਂ ਰਸਤੇ ਵਿੱਚ ਨਕਾਬਪੋਸ਼ਾਂ ਨੇ ਉਨ੍ਹਾਂ ’ਤੇ ਵੀ ਗੋਲੀਆਂ ਚਲਾ ਦਿੱਤੀਆਂ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਹਮਲਾਵਰਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।