ਇਸ ਤਹਿਸੀਲ ਦੇ ਪਿੰਡ ਸਤਨੌਰ ਦੇ ਬਾਹਰਵਾਰ ਇਕ ਖਾਲੀ ਪਲਾਟ ਵਿੱਚੋਂ ਲੰਘੀ ਰਾਤ ਆਲਟੋ ਕਾਰ ਵਿੱਚ ਔਰਤ ਤੇ ਮਰਦ ਦੀਆਂ ਲਾਸ਼ਾਂ ਮਿਲਣ ਨਾਲ ਸਹਿਮ ਫੈਲ ਗਿਆ। ਇਸ ਦੀ ਸੂਚਨਾ ਪਿੰਡ ਵਾਸੀਆਂ ਵਲੋਂ ਗੜ੍ਹਸ਼ੰਕਰ ਪੁਲੀਸ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਐਸਐਚਓ ਗਗਨਦੀਪ ਸਿੰਘ ਸੇਖੋਂ ਦੀ ਅਗਵਾਈ ਹੇਠ ਪੁਲੀਸ ਨੇ ਲਾਸ਼ਾਂ ਬਰਾਮਦ ਕਰਕੇ ਸਿਵਲ ਹਸਪਤਾਲ ਗੜ੍ਹਸ਼ੰਕਰ ਭੇਜ ਦਿੱਤੀਆਂ ਹਨ। ਇਸ ਬਾਰੇ ਪਿੰਡ ਸਤਨੌਰ ਦੀ ਮਹਿਲਾ ਸਰਪੰਚ ਦੇ ਪਤੀ ਕੁਲਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕਰੀਬ ਸਾਢੇ ਨੌਂ ਵਜੇ ਪਿੰਡ ਵਾਸੀਆਂ ਤੋਂ ਸੂਚਨਾ ਪ੍ਰਾਪਤ ਹੋਈ ਕਿ ਪਿੰਡ ਦੇ ਸਕੂਲ ਕੋਲ ਆਲਟੋ ਵਿੱਚ ਔਰਤ ਅਤੇ ਮਰਦ ਬੇਸੁੱਧ ਪਏ ਹੋਏ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਥਾਣਾ ਗੜ੍ਹਸ਼ੰਕਰ ਦੀ ਪੁਲੀਸ ਨੂੰ ਸੂਚਨਾ ਦਿੱਤੀ ਗਈ। ਪੁਲੀਸ ਅਨੁਸਾਰ ਮ੍ਰਿਤਕਾਂ ਦੀ ਪਛਾਣ ਦਲਵੀਰ ਸਿੰਘ ਪੁੱਤਰ ਅਵਤਾਰ ਸਿੰਘ ਅਤੇ ਔਰਤ ਦੀ ਪਛਾਣ ਰਜਨੀ ਵਜੋਂ ਹੋਈ ਹੈ ਜੋ ਸਤਨੌਰ ਨੇੜਲੇ ਪਿੰਡ ਪਦਰਾਣਾ ਦੇ ਵਸਨੀਕ ਸਨ। ਥਾਣਾ ਗੜ੍ਹਸ਼ੰਕਰ ਦੀ ਪੁਲੀਸ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਮ੍ਰਿਤਕ ਦੇਹਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਗੜ੍ਹਸ਼ੰਕਰ ਭਿਜਵਾਇਆ। ਪੁਲੀਸ ਅਧਿਕਾਰੀ ਨੇ ਕਿਹਾ ਕਿ ਇਸ ਸਬੰਧੀ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।
+
Advertisement
Advertisement
Advertisement
Advertisement
×