ਲੁਧਿਆਣਾ ਦੇ ਪੁਲੀਸ ਕਮਿਸ਼ਨਰ ਨੇ ਇੱਕ ਮਹਿਲਾ ਵੱਲੋਂ ਕੀਤੀ ਸ਼ਿਕਾਇਤ ਦੇ ਅਧਾਰ ’ਤੇ ਥਾਣਾ ਟਿੱਬਾ ਦੇ ਐੱਸਐੱਚਓ ਜਸਪਾਲ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ। ਮੁਅੱਤਲੀ ਤੋਂ ਬਾਅਦ ਐੱਸਐੱਚਓ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ।
ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਨੇ ਕਿਹਾ ਕਿ ਡੌਲੀ ਨਾਂ ਦੀ ਔਰਤ ਉਨ੍ਹਾਂ ਕੋਲ ਆਪਣੇ ਪਤੀ ਨਾਲ ਝਗੜੇ ਸਬੰਧੀ ਸ਼ਿਕਾਇਤ ਲੈ ਕੇ ਆਈ ਸੀ। ਇਸ ਔਰਤ ’ਤੇ ਉਸ ਦੇ ਪਤੀ ਨੇ ਹਮਲਾ ਕਰਕੇ ਗੰਭੀਰ ਜ਼ਖਮੀ ਕਰ ਦਿੱਤਾ ਸੀ। ਜਿਸ ਤੋਂ ਬਾਅਦ ਇਸ ਨੇ ਥਾਣਾ ਟਿੱਬਾ ਵਿੱਚ ਐਸਐਚਓ ਜਸਪਾਲ ਸਿੰਘ ਨੂੰ ਮਾਮਲੇ ’ਤੇ ਕਾਰਵਾਈ ਕਰਨ ਦੀ ਮੰਗ ਕੀਤੀ ਸੀ। ਹਾਲਾਂਕਿ ਸਬੰਧਤ ਅਧਿਕਾਰੀ ਨੇ ਲਾਹਪ੍ਰਵਾਹੀ ਕਰਦਿਆਂ ਐਫਆਈਆਰ ਦਰਜ ਕਰਨ ਵਿੱਚ ਦੇਰੀ ਕੀਤੀ। ਇਸ ਮਾਮਲੇ ’ਤੇ ਐੱਸਐੱਚਓ ਨੂੰ ਮੁਅੱਤਲ ਕਰਕੇ ਲਾਈਨ ਹਾਜ਼ਰ ਕਰਵਾ ਦਿੱਤਾ ਗਿਆ ਅਤੇ ਸਬੰਧਤ ਅਧਿਕਾਰੀਆਂ ਨੂੰ ਔਰਤ ਦਾ ਬਿਆਨ ਲੈ ਕੇ ਕੇਸ ਦਰਜ ਕਰਨ ਦੇ ਆਦੇਸ਼ ਦਿੱਤੇ ਗਏ ਹਨ।
ਪੁਲੀਸ ਕਮਿਸ਼ਨਰ ਨੇ ਕਿਹਾ ਕਿ ਕਿਸੇ ਵੀ ਥਾਣਾ ਮੁਖੀ ਵੱਲੋਂ ਅਜਿਹੀ ਲਾਹਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਪੁਲੀਸ ਅਧਿਕਾਰੀਆਂ ਨੂੰ ਲੋਕਾਂ ਦੀ ਸ਼ਿਕਾਇਤ ਦਾ ਤੁਰੰਤ ਨਿਪਟਾਰਾ ਕਰਨ ਦੇ ਨਿਰਦੇਸ਼ ਦਿੱਤੇ ਹਨ। ਦੂਜੇ ਪਾਸੇ ਇਸ ਮਾਮਲੇ ਵਿੱਚ ਹਲਕਾ ਪੂਰਬੀ ਦੇ ਸੀਪੀ ਸੁਮਿਤ ਸੂਦ ਨੇ ਕਿਹਾ ਕਿ ਉਨ੍ਹਾਂ ਨੂੰ ਐਸਐਚਓ ਦੀ ਮੁਅੱਤਲੀ ਬਾਰੇ ਤਾਂ ਜਾਣਕਾਰੀ ਨਹੀਂ, ਪਰ ਇੰਨਾ ਪਤਾ ਲੱਗਾ ਹੈ ਕਿ ਟਿੱਬਾ ਥਾਣੇ ਵਿੱਚ ਨਵੇਂ ਐੱਸਐੱਚਓ ਦੀ ਨਿਯੁਕਤੀ ਹੋ ਗਈ ਹੈ।