ਸ਼੍ਰੋਮਣੀ ਕਮੇਟੀ ਮੈਂਬਰਾਂ ਵੱਲੋਂ ਵੜਿੰਗ ਖ਼ਿਲਾਫ਼ ਸ਼ਿਕਾਇਤ
ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼; ਪੁਲੀਸ ਨੇ ਜਾਂਚ ਆਰੰਭੀ
ਗੁਰਬਖਸ਼ਪੁਰੀ
ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਖ਼ਿਲਾਫ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚਾਰ ਮੈਂਬਰਾਂ ਨੇ ਧਾਰਮਿਕ ਭਾਵਨਾਵਾਂ ਨੂੰ ਕਥਿਤ ਤੌਰ ’ਤੇ ਠੇਸ ਪਹੁੰਚਾਉਣ ਦੇ ਦੋਸ਼ ਹੇਠ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੜਿੰਗ ਸਾਬਕਾ ਕੇਂਦਰੀ ਮੰਤਰੀ ਮਰਹੂਮ ਬੂਟਾ ਸਿੰਘ ਖ਼ਿਲਾਫ਼ ਕੀਤੀਆਂ ਟਿੱਪਣੀਆਂ ਕਰ ਕੇ ਵੀ ਵਿਰੋਧ ਦਾ ਸਾਹਮਣਾ ਕਰ ਚੁੱਕੇ ਹਨ। ਇਹ ਤਾਜ਼ਾ ਮਾਮਲਾ ਉਨ੍ਹਾਂ ਦੀਆਂ ਸਮੱਸਿਆਵਾਂ ਵਿੱਚ ਵਾਧਾ ਕਰ ਸਕਦਾ ਹੈ। ਇਸ ਸਬੰਧੀ ਐੱਸ ਐੱਸ ਪੀ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਉਹ ਖ਼ੁਦ ਇਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੇ ਹਨ ਅਤੇ ਛੇਤੀ ਹੀ ਇਸ ਸਬੰਧੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ|
ਸ਼ਿਕਾਇਤਕਰਤਾ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਗੁਰਚਰਨ ਸਿੰਘ ਗਰੇਵਾਲ, ਸੁਰਜੀਤ ਸਿੰਘ ਗੜੀ, ਹਰਜਿੰਦਰ ਕੌਰ ਅਤੇ ਅਵਤਾਰ ਸਿੰਘ ਰਿਆ ਨੇ ਦੱਸਿਆ ਕਿ ਚੋਣਾਂ ਦੇ ਪ੍ਰਚਾਰ ਦੌਰਾਨ ਰਾਜਾ ਵੜਿੰਗ ਨੇ ਪਿੰਡਾਂ ਵਿੱਚ ਦੌਰੇ ਕਰਦਿਆਂ ਦੋ ਸਿੱਖ ਨਾਲਾਬਾਗ ਲੜਕਿਆਂ ਦੇ ਜੂੜਿਆਂ ਨੂੰ ਆਪਣੇ ਹੱਥਾਂ ਵਿੱਚ ਫੜ ਕੇ ਉਨ੍ਹਾਂ ਦਾ ਕਥਿਤ ਤੌਰ ’ਤੇ ਮਜ਼ਾਕ ਉੱਡਾਇਆ ਸੀ।
ਇਲਾਕੇ ਅੰਦਰ ਇਸ ਸਬੰਧੀ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਵੀ ਵਾਇਰਲ ਹੋਈ ਸੀ| ਐੱਸ ਐੱਸ ਪੀ ਸੁਰਿੰਦਰ ਲਾਂਬਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਖ਼ੁਦ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ|

