ਇੱਥੋਂ ਨਜ਼ਦੀਕੀ ਪਿੰਡ ਮਨਸੂਹਾ ਖੁਰਦ ਵਿੱਚ ਬੀਤੇ ਦਿਨ ਸ਼ੈੱਲਰ ਵਿੱਚ ਕੰਮ ਕਰਦੀ ਪਰਵਾਸੀ ਔਰਤ ਨਾਲ ਜਬਰ-ਜਨਾਹ ਕਰਨ ਤੋਂ ਬਾਅਦ ਉਸ ਦੀ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਪਛਾਣ ਸ਼ਾਕਰਾ ਬਾਨੋ (46) ਵਜੋਂ ਹੋਈ ਹੈ। ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਥਾਣਾ ਬੇਲਾ ਵਿੱਚ ਦਰਜ ਕਰਵਾਈ ਗਈ ਐੱਫ ਆਈ ਆਰ ਅਨੁਸਾਰ ਬਾਨੋ ਦੇ ਦਿਓਰ ਸਿਰਾਜ ਅਹਿਮਦ ਨੂਰੀ ਨੇ ਦੱਸਿਆ ਕਿ ਉਸ ਦੀ ਭਰਜਾਈ ਪਿੰਡ ਮਨਸੂਹਾ ਖੁਰਦ ਦੇ ਸ਼ੈਲਰ ਵਿੱਚ ਕੰਮ ਕਰਦੀ ਸੀ। ਬੀਤੀ ਸ਼ਾਮ ਉਹ 7 ਵਜੇ ਤੱਕ ਘਰ ਨਾ ਪੁੱਜੀ ਤਾਂ ਪਰਿਵਾਰ ਨੂੰ ਚਿੰਤਾ ਹੋਈ, ਜਦੋਂ ਉਹ ਸ਼ੈੱਲਰ ਵਿੱਚ ਗਏ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਬਾਨੋ ਸ਼ਾਮ 5:30 ਵਜੇ ਹੀ ਕੰਮ ਖਤਮ ਕਰਕੇ ਘਰ ਚਲੀ ਗਈ ਸੀ।
ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਅਤੇ ਮੁਹੱਲਾ ਵਾਸੀਆਂ ਨੇ ਉਸ ਦੀ ਭਾਲ ਸ਼ੁਰੂ ਕੀਤੀ। ਜਦੋਂ ਉਹ ਮਨਸੂਹਾ ਤੋਂ ਰੂਪਨਗਰ ਜਾਂਦੇ ਕੱਚੇ ਰਸਤੇ (ਸ਼ਾਰਟਕੱਟ) ’ਤੇ ਪਹੁੰਚੇ ਤਾਂ ਉਨ੍ਹਾਂ ਨੂੰ ਉੱਥੇ ਚੱਪਲਾਂ ਅਤੇ ਸ਼ਰਾਬ ਦੀਆਂ ਖਾਲੀ ਬੋਤਲਾਂ ਮਿਲੀਆਂ। ਥੋੜ੍ਹੀ ਅੱਗੇ ਬਾਨੋ ਦੀ ਲਾਸ਼ ਅੱਧ-ਨੰਗੀ ਹਾਲਤ ਵਿੱਚ ਪਈ ਸੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲੀਸ ਅਤੇ ਫੌਰੈਂਸਿਕ ਟੀਮ ਮੌਕੇ ’ਤੇ ਪਹੁੰਚ ਗਈ। ਜਾਂਚ ਤੋਂ ਸਪੱਸ਼ਟ ਹੋਇਆ ਕਿ ਜਬਰ-ਜਨਾਹ ਕਰਨ ਤੋਂ ਬਾਅਦ ਉਸ ਦੀ ਹੱਤਿਆ ਕੀਤੀ ਗਈ ਹੈ। ਪੁਲੀਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ ਅਤੇ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਥਾਣਾ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮਸ਼ਕੂਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

