ਅਸਾਮ ਤੋਂ ਸ਼ਹੀਦੀ ਨਗਰ ਕੀਰਤਨ ਆਨੰਦਪੁਰ ਸਾਹਿਬ ਪੁੱਜਿਆ
ਧੋਬਡ਼ੀ ਸਾਹਿਬ ਤੋਂ ਚੱਲ ਕੇ ਕੇ 92 ਦਿਨਾਂ ’ਚ ਯਾਤਰਾ ਸੰਪੂਰਨ ਕੀਤੀ; 25 ਸੂਬਿਆਂ ’ਚ ਸ਼ਹੀਦੀ ਪਰੰਪਰਾ ਦੇ ਇਤਿਹਾਸ ਤੋਂ ਜਾਣੂ ਕਰਵਾਇਆ
ਗੁਰੂ ਤੇਗ ਬਹਾਦਰ ਸਾਹਿਬ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਹੀਦੀ ਨਗਰ ਕੀਰਤਨ, ਜੋ 21 ਅਗਸਤ ਨੂੰ ਅਸਾਮ ਦੇ ਗੁਰਦੁਆਰਾ ਧੋਬੜੀ ਸਾਹਿਬ ਤੋਂ ਆਰੰਭ ਹੋਇਆ ਸੀ, 92 ਦਿਨਾਂ ਦੀ ਲੰਮੀ ਯਾਤਰਾ ਪੂਰੀ ਕਰਕੇ ਅੱਜ ਸ੍ਰੀ ਆਨੰਦਪੁਰ ਸਾਹਿਬ ਵਿਖੇ ਸ਼ਰਧਾ ਅਤੇ ਰੂਹਾਨੀ ਉਤਸ਼ਾਹ ਨਾਲ ਸੰਪੂਰਨ ਹੋ ਗਿਆ। ਇਹ ਨਗਰ ਕੀਰਤਨ ਦੇਸ਼ ਦੇ 25 ਸੂਬਿਆਂ ਵਿਚੋਂ ਹੁੰਦਾ ਹੋਇਆ ਸਿੱਖ ਧਰਮ ਦੀ ਸ਼ਹੀਦੀ ਪਰੰਪਰਾ ਦਾ ਸੰਦੇਸ਼ ਪਹੁੰਚਾਉਂਦਾ ਰਿਹਾ।
ਅੱਜ ਸਵੇਰੇ ਨਗਰ ਕੀਰਤਨ ਨੇ ਆਪਣੀ ਆਖਰੀ ਪੜਾਅ ਲਈ ਰੂਪਨਗਰ ਸਥਿਤ ਇਤਿਹਾਸਕ ਗੁਰਦੁਆਰਾ ਭੱਠਾ ਸਾਹਿਬ ਤੋਂ ਰਵਾਨਗੀ ਕੀਤੀ। ਘਨੌਲੀ, ਭਰਤਗੜ੍ਹ, ਬੁੰਗਾ ਸਾਹਿਬ ਅਤੇ ਕੀਰਤਪੁਰ ਸਾਹਿਬ ਰਾਹੀਂ ਗੁਜ਼ਰਦਿਆਂ ਸ਼ਾਮ ਦੇ ਸਮੇਂ ਨਗਰ ਕੀਰਤਨ ਜਦੋਂ ਸ੍ਰੀ ਅਨੰਦਪੁਰ ਸਾਹਿਬ ਪਹੁੰਚਿਆ ਤਾਂ ਸੰਗਤਾਂ ਵੱਲੋਂ ਫੁੱਲ-ਮਾਲਾਵਾਂ, ਜੈਕਾਰਿਆਂ ਤੇ ਰੂਹਾਨੀ ਸਤਿਕਾਰ ਨਾਲ ਭਰਵਾਂ ਸਵਾਗਤ ਕੀਤਾ ਗਿਆ। ਨਗਰ ਕੀਰਤਨ ਦੇ ਸ੍ਰੀ ਆਨੰਦਪੁਰ ਸਾਹਿਬ ਪਹੁੰਚਣ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਟੇਕ ਸਿੰਘ ਧਨੌਲਾ, ਡਾ. ਦਲਜੀਤ ਸਿੰਘ ਚੀਮਾ, ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਤੇ ਕਈ ਅੰਤ੍ਰਿੰਗ ਕਮੇਟੀ ਮੈਂਬਰ ਹਾਜ਼ਰ ਸਨ। ਇਸ ਤੋਂ ਇਲਾਵਾ ਜ਼ਿਲ੍ਹਾ ਰੂਪਨਗਰ ਦੇ ਅਕਾਲੀ ਦਲ ਆਗੂਆਂ, ਕਮੇਟੀ ਮੈਂਬਰਾਂ, ਸੇਵਾਦਾਰਾਂ ਤੇ ਸਥਾਨਕ ਸੰਗਤ ਨੇ ਨਗਰ ਕੀਰਤਨ ਦਾ ਸਵਾਗਤ ਕਰਕੇ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਇਸ ਸਮਾਗਮ ਨੂੰ ਇਤਿਹਾਸਕ ਰੂਪ ਪ੍ਰਦਾਨ ਕੀਤਾ। ਨਗਰ ਕੀਰਤਨ ਨੇ ਯਾਤਰਾ ਰਾਹੀਂ ਸਿੱਖ ਸ਼ਹੀਦੀ ਮਰਿਆਦਾ, ਭਗਤੀ ਅਤੇ ਏਕਤਾ ਦੀ ਮਿਸਾਲ ਤੋਂ ਜਾਣੂ ਕਰਵਾਇਆ।

